DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Barnala MC Elections: ਮੀਤ ਹੇਅਰ ਦੀ 'ਸੁਪਰ ਐਕਟਿਵ' ਭੂਮਿਕਾ ਨੇ ਛੇੜੀ ਨਵੀਂ ਚਰਚਾ; ਕੀ 2027 'ਚ ਮੁੜ ਵਿਧਾਨ ਸਭਾ ਵੱਲ ਮਾਰਨਗੇ ਉਡਾਰੀ?

ਬਰਨਾਲਾ ਨਗਰ ਨਿਗਮ ਚੋਣਾਂ ਦਾ ਪ੍ਰਚਾਰ ਪੂਰੇ ਜ਼ੋਰਾਂ 'ਤੇ ਰਹਿਣ ਤੋਂ ਬਾਅਦ, ਹੁਣ ਭਲਕੇ (ਮੰਗਲਵਾਰ) ਵੋਟਾਂ ਪੈਣਗੀਆਂ। ਪਰ ਇਨ੍ਹਾਂ ਚੋਣਾਂ ਨੇ ਬਰਨਾਲਾ ਵਿਧਾਨ ਸਭਾ ਹਲਕੇ ਦੀ ਸਿਆਸਤ ਵਿੱਚ ਇੱਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਸਿਆਸੀ ਮਾਹਰਾਂ ਦਾ ਮੰਨਣਾ...

  • fb
  • twitter
  • whatsapp
  • whatsapp
featured-img featured-img
ਬਰਨਾਲਾ ਨਗਰ ਨਿਗਮ ਚੋਣਾਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਸੰਸਦ ਮੈਂਬਰ ਮੀਤ ਹੇਅਰ।
Advertisement

ਬਰਨਾਲਾ ਨਗਰ ਨਿਗਮ ਚੋਣਾਂ ਦਾ ਪ੍ਰਚਾਰ ਪੂਰੇ ਜ਼ੋਰਾਂ 'ਤੇ ਰਹਿਣ ਤੋਂ ਬਾਅਦ, ਹੁਣ ਭਲਕੇ (ਮੰਗਲਵਾਰ) ਵੋਟਾਂ ਪੈਣਗੀਆਂ। ਪਰ ਇਨ੍ਹਾਂ ਚੋਣਾਂ ਨੇ ਬਰਨਾਲਾ ਵਿਧਾਨ ਸਭਾ ਹਲਕੇ ਦੀ ਸਿਆਸਤ ਵਿੱਚ ਇੱਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਨਗਰ ਨਿਗਮ ਚੋਣਾਂ ਦੇ ਬਹਾਨੇ ਸੰਗਰੂਰ ਤੋਂ 'ਆਪ' ਦੇ ਸੰਸਦ ਮੈਂਬਰ (MP) ਗੁਰਮੀਤ ਸਿੰਘ ਮੀਤ ਹੇਅਰ ਨੇ ਜਿਸ ਤਰ੍ਹਾਂ ਬਰਨਾਲਾ ਵਿੱਚ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੈ, ਉਸ ਤੋਂ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਸਾਹਮਣੇ ਆ ਸਕਦੇ ਹਨ।

ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਲੋਕ ਸਭਾ ਦਾ ਮੈਂਬਰ ਬਣਨ ਤੋਂ ਬਾਅਦ ਮੀਤ ਹੇਅਰ ਨੂੰ ਬਰਨਾਲਾ ਤੋਂ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇਣਾ ਪਿਆ ਸੀ। ਭਾਵੇਂ ਉਨ੍ਹਾਂ ਨੂੰ ਸੰਸਦ ਮੈਂਬਰ ਬਣਿਆਂ ਅਜੇ ਦੋ ਸਾਲ ਦਾ ਹੀ ਸਮਾਂ ਹੋਇਆ ਹੈ, ਪਰ ਨਗਰ ਨਿਗਮ ਚੋਣਾਂ ਵਿੱਚ ਉਨ੍ਹਾਂ ਦੀ ਸਰਗਰਮੀ ਕਿਸੇ ਵਿਧਾਨ ਸਭਾ ਉਮੀਦਵਾਰ ਵਰਗੀ ਹੀ ਰਹੀ। ਉਮੀਦਵਾਰਾਂ ਨੂੰ ਟਿਕਟਾਂ ਦੇਣ ਤੋਂ ਲੈ ਕੇ ਚੋਣ ਪ੍ਰਚਾਰ ਦੀ ਸਾਰੀ ਜ਼ਿੰਮੇਵਾਰੀ ਮੀਤ ਹੇਅਰ ਨੇ ਖ਼ੁਦ ਸੰਭਾਲੀ ਅਤੇ ਉਹ ਪਾਰਟੀ ਦੇ ਮੁੱਖ ਚਿਹਰੇ ਵਜੋਂ ਵਿਚਰੇ। ਮੀਤ ਹੇਅਰ ਐੱਮ ਪੀ ਬਣਨ ਤੋਂ ਬਾਅਦ ਵੀ ਪੂਰੇ ਲੋਕ ਸਭਾ ਹਲਕੇ ਵਿੱਚ ਘੱਟ ਹੀ ਵਿਚਰਦੇ ਦੇਖੇ ਗਏ ਹਨ ਅਤੇ ਉਨ੍ਹਾਂ ਦੀ ਸਰਗਰਮੀ ਬਰਨਾਲਾ ਵਿੱਚ ਹੀ ਜ਼ਿਆਦਾ ਰਹੀ ਹੈ। ਉਹ ਆਪਣੇ ਭਾਸ਼ਣਾਂ ਵਿੱਚ ਵੀ ਬਰਨਾਲਾ ਨਾਲ ਬੇਹੱਦ ਪਿਆਰ ਹੋਣ ਦੀ ਗੱਲ ਕਹਿੰਦੇ ਆਏ ਹਨ।

Advertisement

ਇਸ ਸਾਰੇ ਚੋਣ ਪ੍ਰਚਾਰ ਦੌਰਾਨ ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਬਰਨਾਲਾ ਦੇ ਮੌਜੂਦਾ 'ਆਪ' ਹਲਕਾ ਇੰਚਾਰਜ ਹਰਿੰਦਰ ਧਾਲੀਵਾਲ ਪੂਰੀ ਤਰ੍ਹਾਂ ਬੈਕਫੁੱਟ 'ਤੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਬਰਨਾਲਾ ਵਿਧਾਨ ਸਭਾ ਦੀ ਲੰਘੀ ਜ਼ਿਮਨੀ ਚੋਣ ਦੌਰਾਨ ਮੀਤ ਹੇਅਰ ਨੇ ਪੂਰਾ ਜ਼ੋਰ ਲਾ ਕੇ ਆਪਣੇ ਨਜ਼ਦੀਕੀ ਸਾਥੀ ਹਰਿੰਦਰ ਧਾਲੀਵਾਲ ਨੂੰ ਟਿਕਟ ਦਿਵਾਈ ਸੀ, ਪਰ ਉਹ ਇਹ ਚੋਣ ਹਾਰ ਗਏ ਸਨ। ਹੁਣ ਨਿਗਮ ਚੋਣਾਂ ਵਿੱਚ ਧਾਲੀਵਾਲ ਦੀ ਥਾਂ ਮੀਤ ਹੇਅਰ ਦਾ ਅੱਗੇ ਰਹਿਣਾ ਇਹ ਸੰਕੇਤ ਦੇ ਰਿਹਾ ਹੈ ਕਿ ਧਾਲੀਵਾਲ ਸ਼ਾਇਦ ਸਿਰਫ਼ ਹਲਕਾ ਇੰਚਾਰਜ ਵਜੋਂ ਹੀ ਰਹਿ ਜਾਣਗੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਮੁੜ ਮੀਤ ਹੇਅਰ 'ਤੇ ਦਾਅ ਖੇਡ ਸਕਦੀ ਹੈ।

Advertisement

ਸੰਗਰੂਰ ਲੋਕ ਸਭਾ ਹਲਕੇ ਦੇ ਅਧੀਨ 9 ਵਿਧਾਨ ਸਭਾ ਹਲਕੇ ਪੈਂਦੇ ਹਨ, ਪਰ ਮੀਤ ਹੇਅਰ ਇਨ੍ਹਾਂ ਚੋਣਾਂ ਦੌਰਾਨ ਬਰਨਾਲਾ ਹਲਕੇ ਤੋਂ ਬਾਹਰ ਕਿਤੇ ਵੀ ਪ੍ਰਚਾਰ ਕਰਦੇ ਨਜ਼ਰ ਨਹੀਂ ਆਏ। ਉਨ੍ਹਾਂ ਨੇ ਬਰਨਾਲਾ ਜ਼ਿਲ੍ਹੇ ਦੇ ਹੀ ਦੂਜੇ ਹਲਕੇ ਭਦੌੜ ਦੀਆਂ ਦੋ ਨਗਰ ਕੌਂਸਲਾਂ ਭਦੌੜ ਅਤੇ ਤਪਾ ਵਿੱਚ ਵੀ ਪ੍ਰਚਾਰ ਨਹੀਂ ਕੀਤਾ। ਉਨ੍ਹਾਂ ਦਾ ਸਾਰਾ ਧਿਆਨ ਸਿਰਫ਼ ਬਰਨਾਲਾ ਨਗਰ ਨਿਗਮ ਅਤੇ ਧਨੌਲਾ ਨਗਰ ਕੌਂਸਲ ਉੱਪਰ ਹੀ ਰਿਹਾ।

ਮੀਤ ਹੇਅਰ ਵੱਲੋਂ ਬਾਕੀ ਹਲਕਿਆਂ ਨੂੰ ਛੱਡ ਕੇ ਕੇਵਲ ਬਰਨਾਲਾ ਸ਼ਹਿਰੀ ਖੇਤਰ ਵਿੱਚ ਦਿਨ-ਰਾਤ ਇੱਕ ਕਰਨਾ ਸਾਫ਼ ਇਸ਼ਾਰਾ ਹੈ ਕਿ ਉਹ 2027 ਦੀ ਚੋਣ ਲੜਨ ਲਈ ਹੁਣੇ ਤੋਂ ਹੀ ਆਪਣੀ ਜ਼ਮੀਨ ਮਜ਼ਬੂਤ ਕਰ ਰਹੇ ਹਨ ਅਤੇ ਜੀ-ਜਾਨ ਨਾਲ ਜੁਟੇ ਹੋਏ ਹਨ। ਭਲਕੇ ਪੈਣ ਵਾਲੀਆਂ ਵੋਟਾਂ ਦੇ ਨਤੀਜੇ ਜਿੱਥੇ ਨਿਗਮ ਉਮੀਦਵਾਰਾਂ ਦੀ ਕਿਸਮਤ ਤੈਅ ਕਰਨਗੇ, ਉੱਥੇ ਹੀ ਬਰਨਾਲਾ 'ਆਪ' ਦੀ ਅੰਦਰੂਨੀ ਸਿਆਸਤ ਨੂੰ ਵੀ ਨਵੀਂ ਦਿਸ਼ਾ ਦੇਣਗੇ।

Advertisement
×