ਫਿਲਮ ’ਤੇ ਰੋਕ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ: ਲੌਂਗੋਵਾਲ
ਤੱਥਾਂ ’ਤੇ ਅਾਧਾਰਿਤ ਬਣੀ ਫਿਲਮ ’ਤੇ ਲਾਈ ਰੋਕ ਤੁਰੰਤ ਹਟਾਉਣ ਦੀ ਮੰਗ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੇ ਸੀਨੀਅਰ ਆਗੂ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਗਾਇਕ ਅਤੇ ਅਦਾਕਾਰ ਦਲਜੀਤ ਦੁਸਾਂਝ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਸਤਲੁਜ’ ਨੂੰ ਰਿਲੀਜ਼ ਹੋਣ ਦੇ ਦੋ ਦਿਨਾਂ ਬਾਅਦ ਹੀ ਜੀ-5 ਤੋਂ ਹਟਾ ਦਿੱਤਾ ਗਿਆ ਹੈ ਜੋ ਫਿਲਮ ਮਨੁੱਖੀ ਅਧਿਕਾਰਾਂ ਦੀ ਪੈਰਵਾਈ ਕਰਦੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਫਿਲਮ ਸਤਲੁਜ ’ਤੇ ਲਾਈ ਰੋਕ ਕੇਂਦਰ ਸਰਕਾਰ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਫਿਲਮ ਵਿੱਚ ਅਜਿਹਾ ਕੁਝ ਵੀ ਨਹੀਂ ਜਿਸ ਨਾਲ ਕਿਸੇ ਫ਼ਿਰਕੇ ਦੀਆਂ ਭਾਵਨਾਵਾਂ ਨੂੰ ਉਕਸਾਇਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਫਿਲਮ ’ਤੇ ਲਾਈ ਰੋਕ ਬੇ-ਬੁਨਿਆਦ ਹੈ। ਉਨ੍ਹਾਂ ਮੰਗ ਕੀਤੀ ਕਿ ਫਿਲਮ ‘ਸਤਲੁਜ’ ਉੱਪਰ ਲਾਈ ਰੋਕ ਤੁਰੰਤ ਹਟਾਈ ਜਾਵੇ ਅਤੇ ਜੀ-5 ਪਲੇਟਫਾਰਮ ਤੋਂ ਫਿਲਮ ਮੁੜ ਜਾਰੀ ਕੀਤੀ ਜਾਵੇ।
ਵਿਚਾਰਾਂ ਦੇ ਪ੍ਰਗਟਾਵੇ ’ਤੇ ਸਿੱਧਾ ਹਮਲਾ: ਢੀਂਡਸਾ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮਨੁੱਖੀ ਹੱਕਾਂ ਦੀ ਹਿੱਕ ਠੋਕਵੀਂ ਪੈਰਵੀ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਨੂੰ ਪੇਸ਼ ਕਰਦੀ ਫ਼ਿਲਮ ਸਤਲੁਜ ਉੱਤੇ ਪਾਬੰਦੀ ਲਾਉਣ ਦੀ ਸਖਤ ਨਿਖੇਧੀ ਕਰਦਿਆਂ ਇਸ ਕਾਰਵਾਈ ਨੂੰ ਵਿਚਾਰਾਂ ਦੇ ਪ੍ਰਗਟਾਵੇ ਉਪਰ ਸਿੱਧਾ ਹਮਲਾ ਕਰਾਰ ਦਿੱਤਾ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਸਿਤਮ ਦੀ ਗੱਲ ਇਹ ਹੈ ਕਿ ਸੈਂਸਰਸ਼ਿਪ ਦੀਆਂ ਸਾਲਾਂਬੱਧੀ ਰੁਕਾਵਟਾਂ ਪਾਰ ਕਰ ਕੇ ਆਈ ਫ਼ਿਲਮ ਨੂੰ ਰਾਤੋ-ਰਾਤ ਬਿਨਾਂ ਪੁਖਤਾ ਵਜਾ ਮੁੜ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਇਤਿਹਾਸ ਕਿੰਨਾ ਵੀ ਦਰਦਨਾਕ ਕਿਉਂ ਨਾ ਹੋਵੇ, ਪਾਬੰਦੀ ਲਗਾ ਕੇ ਇਤਿਹਾਸਕ ਤੱਥਾਂ ਤੇ ਸੱਚਾਈ ਨੂੰ ਮਿਟਾਇਆ ਨਹੀਂ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਫਿਲਮ ਸਤਲੁਜ ਉੱਤੇ ਲਾਈ ਪਾਬੰਦੀ ਤੁਰੰਤ ਹਟਾਈ ਜਾਵੇ।
