ਬਾਦਲ ਦਲ ਨੇ ਖ਼ੁਦਮੁਖ਼ਤਾਰੀ ਦਾ ਰਾਹ ਛੱਡ ਕੇ ਖ਼ੁਦਕੁਸ਼ੀ ਦਾ ਰਾਹ ਫੜਿਆ: ਹਰਪ੍ਰੀਤ ਸਿੰਘ
ਹਲਕਾ ਅਮਰਗੜ੍ਹ ਤੋਂ ਸਿਮਰਨਜੀਤ ਸਿੰਘ ਮਾਨ ਦੀ ਮਦਦ ਕਰਨ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਭਾਜਪਾ ਸਰਕਾਰ ਦੇ ਡੀਲਿਮੀਟੇਸ਼ਨ ਬਿੱਲ- 2026 ਬਾਰੇ ਬਦਲੇ ਸਟੈਂਡ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸੂਬਿਆਂ ਲਈ ਖ਼ੁਦਮੁਖਤਿਆਰੀ ਵਾਸਤੇ ਮੋਰਚੇ ਲਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਮਹਿਲਾ ਰਾਖਵਾਂਕਰਨ ਬਿੱਲ ਦੀ ਆੜ ਹੇਠ ਹਲਕਾਬੰਦੀ ਬਿੱਲ ਦਾ ਸਮਰਥਨ ਕਰ ਕੇ ਖ਼ੁਦਕੁਸ਼ੀ ਦਾ ਰਾਹ ਫੜ ਲਿਆ ਹੈ। ਉਹ ਪਾਰਟੀ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਮੰਡੀਆਂ ਨੂੰ ਆਸ਼ੀਰਵਾਦ ਦੇਣ ਲਈ ਮਾਲੇਰਕੋਟਲਾ ਪਹੁੰਚੇ ਸਨ। ਬੀਤੇ ਦਿਨੀਂ ਸੁਖਬੀਰ ਬਾਦਲ ’ਤੇ ਹੋਏ ਹਮਲੇ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਭਾਈ ਨਰੈਣ ਸਿੰਘ ਚੌੜਾ ਅਤੇ ਹੁਣ ਨਾਂਦੇੜ ਨੇੜੇ ਹਮਲੇ ਕਰਨ ਵਾਲੇ ਦੋਵੇਂ ਹੀ ਪੜ੍ਹੇ-ਲਿਖੇ ਵਿਅਕਤੀ ਹਨ। ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਆਤਮ ਮੰਥਨ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਉਪਰ ਪੜ੍ਹੇ-ਲਿਖੇ ਸਿੱਖ ਅਜਿਹੇ ਹਮਲੇ ਕਿਉਂ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਮੁਆਫੀ, ਸੁਮੇਧ ਸੈਣੀ ਵਰਗਿਆਂ ਨੂੰ ਡੀ ਜੀ ਪੀ ਲਾਉਣ ਅਤੇ ਬਰਗਾੜੀ ਕਾਂਡ ਜਿਹੀਆਂ ਘਟਨਾਵਾਂ ਕਾਰਨ ਸਿੱਖਾਂ ਦੇ ਮਨਾਂ ਅੰਦਰ ਸੁਖਬੀਰ ਬਾਦਲ ਪ੍ਰਤੀ ਨਫ਼ਰਤ ਸਦਕਾ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਭਾਜਪਾ ਨਾਲ ਕਥਿਤ ਤੌਰ ’ਤੇ ਅੰਦਰਖਾਤੇ ਗੱਲਬਾਤ ਦੇ ਬਹਾਨੇ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਛੱਡ ਕੇ ਗਏ ਆਗੂਆਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਈ ਆਗੂਆਂ ਨੂੰ ਜਲਦੀ ਵੱਡੇ ਅਹੁਦਿਆਂ ਦੀ ਲਾਲਸਾ ਕਾਰਨ ਪਾਰਟੀਆਂ ਬਦਲਣ ਦੀ ਕਾਹਲ ਰਹਿੰਦੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਜੇਕਰ ਸਿਮਰਨਜੀਤ ਸਿੰਘ ਮਾਨ ਹਲਕਾ ਅਮਰਗੜ੍ਹ ਤੋਂ ਵਿਧਾਨ ਸਭਾ ਚੋਣ ਲੜਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਉਨ੍ਹਾਂ ਦੀ ਹਰ ਸੰਭਵ ਮੱਦਦ ਕਰੇਗਾ ਅਤੇ ਆਪਣਾ ਉਮੀਦਵਾਰ ਨਹੀਂ ਖੜ੍ਹਾ ਕਰੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਉਪਰ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਕੋਈ ਨਹੀਂ ਪੁੱਛਦਾ, ਸਭ ਕੁੱਛ ਦਿੱਲੀ ਵਾਲਿਆਂ ਦੇ ਹੱਥ ਹੈ ਜਿਸ ਕਰਕੇ ਪੰਜਾਬ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਮੰਡੀਆਂ, ਸੀਨੀਅਰ ਮੀਤ ਪ੍ਰਧਾਨ ਹਾਜੀ ਮੁਹੰਮਦ ਤੁਫੈਲ ਮਲਿਕ, ਐੱਸ ਜੀ ਪੀ ਸੀ ਦੇ ਸਾਬਕਾ ਮੈਂਬਰ ਬੀਬੀ ਕਰਮਜੀਤ ਕੌਰ ਮੰਡੀਆਂ, ਸਾਬਕਾ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਖਟੜਾ, ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨਜ਼, ਸਰਪੰਚ ਕੁਲਜਿੰਦਰ ਸਿੰਘ ਬੂੰਗਾ ਅਤੇ ਜਥੇਦਾਰ ਲਾਲ ਸਿੰਘ ਚੱਕ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਸਿਰੋਪਾਓ ਤੇ ਲੋਈਆਂ ਨਾਲ ਸਨਮਾਨ ਕੀਤਾ ਗਿਆ।

