ਭਾਕਿਯੂ ਏਕਤਾ ਉਗਰਾਹਾਂ ਵਲੋਂ ਜਾਗਰੂਕਤਾ ਰੈਲੀਆਂ
ਅੱਜ ਦੀਆਂ ਰੈਲੀਆਂ ਦੌਰਾਨ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਐਕਟ 2025 ਕਿਸਾਨ-ਮਜ਼ਦੂਰ ਵਰਗ ਦੇ ਹਿੱਤਾਂ ਖ਼ਿਲਾਫ਼ ਹੈ ਅਤੇ ਇਸ ਦੇ ਲਾਗੂ ਹੋਣ ਨਾਲ ਕਿਸਾਨਾਂ ਉੱਤੇ ਵੱਡਾ ਆਰਥਿਕ ਬੋਝ ਪਵੇਗਾ। ਆਗੂਆਂ ਨੇ ਦਾਅਵਾ ਕੀਤਾ ਕਿ ਕਿਸੇ ਵੀ ਕੀਮਤ ’ਤੇ ਇਸ ਐਕਟ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸੰਯੁਕਤ ਮੋਰਚੇ ਦੇ ਸੱਦੇ ’ਤੇ 8 ਦਸੰਬਰ ਨੂੰ ਐੱਸ ਡੀ ਓ ਦਫ਼ਤਰ ਚੀਮਾ ਅਤੇ ਐੱਸ ਡੀ ਓ ਦਫ਼ਤਰ ਸੁਨਾਮ ਵਿੱਚ ਧਰਨਾ ਦਿੱਤਾ ਜਾਵੇਗਾ, ਜਿਸ ਦੌਰਾਨ ਬਿਜਲੀ ਐਕਟ 2025 ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਸ ਮੌਕੇ ਬਲਾਕ ਆਗੂ ਰਾਮਸ਼ਰਨ ਸਿੰਘ ਉਗਰਾਹਾਂ, ਪ੍ਰੈੱਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਅਤੇ ਜੀਤ ਸਿੰਘ ਗੰਢੂਆਂ ਹਾਜ਼ਰ ਸਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਬਲਾਕ ਲਹਿਰਾਗਾਗਾ ਨੇ ਅੱਜ ਦੂਜੇ ਦਿਨ ਪਿੰਡਾਂ ਵਿੱਚ ਰੈਲੀਆਂ ਕੀਤੀਆਂ। ਕਿਸਾਨ ਆਗੂ ਬਹਾਦਰ ਸਿੰਘ ਭੂਟਾਲ ਖੁਰਦ ਨੇ ਪਿੰਡ ਲਹਿਲ ਖੁਰਦ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਲਹਿਰਾਗਾਗਾ ਵਿੱਚ ਬਿਜਲੀ ਬੋਰਡ ਦੇ ਦੋ ਐੱਸ ਡੀ ਓ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਆਗੂਆਂ ਨੇ ਕਿਹਾ ਕਿ ਰੋਸ ਧਰਨੇ ਵਾਲੇ ਦਿਨ ਸਮੂਹ ਲੋਕ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਣ ਤਾਂ ਜੋ ਬਿਜਲੀ ਬੋਰਡ ਨੂੰ ਬਚਾਇਆ ਜਾ ਸਕੇ। ਅੱਜ ਦੀਆਂ ਰੈਲੀਆਂ ਮੌਕੇ ਹਰਸੇਵਕ ਸਿੰਘ ਲਹਿਲ ਖੁਰਦ, ਗੁਰਪ੍ਰੀਤ ਸਿੰਘ ਸੰਗਤਪੁਰਾ ਅਤੇ ਰਾਮ ਸਿੰਘ ਨੰਗਲਾ ਹਾਜ਼ਰ ਸਨ।
