ਸਰਕਾਰੀ ਸਕੂਲ ਖੰਡੇਬਾਦ ’ਚ ਖਗੋਲ ਸ਼ਾਸਤਰ ਕਲੱਬ ਦੀ ਸਥਾਪਨਾ
ਪੱਤਰ ਪ੍ਰੇਰਕ
ਲਹਿਰਾਗਾਗਾ, 12 ਜਨਵਰੀ
ਇਥੇ ਪਿੰਡ ਖੰਡੇਬਾਦ ਦੇ ਸਰਕਾਰੀ ਹਾਈ ਸਕੂਲ ਵਿੱਚ ਖਗੋਲ ਸ਼ਾਸਤਰ ਕਲੱਬ ਦੀ ਸ਼ੁਰੂਆਤ ਕੀਤੀ ਗਈ। ਇਹ ਕਲੱਬ ਭਾਰਤੀ ਏਅਰਟੈੱਲ ਫਾਊਂਡੇਸ਼ਨ ਅਤੇ ਤਰਵਿੰਦਰ ਕੌਰ, ਡੀਈਓ ਸੰਗਰੂਰ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਹੈ। ਸਕੂਲ ਦੇ ਮੁੱਖ ਅਧਿਆਪਕ ਅਰੁਣ ਗਰਗ ਨੇ ਦੱਸਿਆ ਕਿ ਸਮਾਗਮ ਦੌਰਾਨ ਸਕੂਲ ਦੇ ਮੈਦਾਨ ਵਿੱਚ ਦੋ ਉੱਚ ਗੁਣਵੱਤਾ ਵਾਲੇ ਦੂਰਬੀਨਾਂ ਨੂੰ ਚੰਦਰਮਾ ਅਤੇ ਤਾਰਿਆਂ ਦੇ ਰੰਗੀਨ ਦ੍ਰਿਸ਼ ਵੇਖਣ ਲਈ ਫੋਕਸ ਕੀਤਾ ਗਿਆ। ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਚੰਦਰਮਾ ਦੀ ਸਤਹ ਨੂੰ ਬਹੁਤ ਨਜ਼ਦੀਕੀ ਨਾਲ ਵੇਖ ਕੇ ਸਮਾਗਮ ਦਾ ਆਨੰਦ ਮਾਣਿਆ। ਇਸ ਮੌਕੇ ਡਾ. ਅਵਤਾਰ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਨੂੰ ਖਗੋਲ ਵਿਗਿਆਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਬਰਨਾਲਾ, ਪੰਚ ਬਲਜਿੰਦਰ ਸਿੰਘ, ਸੁਖਦੇਵ ਸਿੰਘ, ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਤਪਾਲ ਖਾਨ ਮੌਜੂਦ ਸਨ। ਸਕੂਲ ਸਾਇੰਸ ਅਧਿਆਪਕ ਮਨਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਕਲੱਬ ਵਿਦਿਆਰਥੀਆਂ ਨੂੰ ਖਗੋਲ ਸ਼ਾਸਤਰ ਦੇ ਅਦਭੁਤ ਰੰਗਾਂ ਤੋਂ ਜਾਣੂ ਕਰਵਾਏਗਾ।