ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਮੇਨ ਗੇਟ ਅੱਗੇ ਗੈਸਟ ਫੈਕਲਟੀ ਕਾਲਜ ਸਹਾਇਕ ਪ੍ਰੋਫੈਸਰ ਪੰਜਾਬ ਦੀ ਅਗਵਾਈ ਹੇਠ ਚੱਲ ਰਿਹਾ ਧਰਨਾ ਅੱਜ ਸੱਤਵੇਂ ਦਿਨ ਸਮਾਪਤ ਹੋ ਗਿਆ ਹੈ| ਅੱਜ ਦੇ ਪ੍ਰਦਰਸ਼ਨ ’ਚ ਪੰਜਾਬ ਦੇ ਕਈ ਸੂਬਾਈ ਆਗੂਆਂ ਨੇ ਸ਼ਿਰਕਤ ਕੀਤੀ| ਕਾਲਜ ਪ੍ਰਿੰਸੀਪਲ ਨਾਲ ਸੰਘਰਸ਼ੀ ਵਫ਼ਦ ਦੀ ਅੱਜ ਦੋ ਗੇੜ ਦੀ ਹੋਈ ਬੈਠਕ ਦੌਰਾਨ ਦੋਵਾਂ ਧਿਰਾਂ ਦਰਮਿਆਨ ਸਹਿਮਤੀ ਬਣਨ ਮਗਰੋਂ ਸੰਘਰਸ਼ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ |
ਸੰਘਰਸ਼ੀ ਜਥੇਬੰਦੀ ਦੇ ਸਰਕਾਰੀ ਮਹਿੰਦਰਾ ਕਾਲਜ ਯੂਨਿਟ ਦੇ ਪ੍ਰਧਾਨ ਪ੍ਰੋ. ਹੁਕਮ ਚੰਦ ਨੇ ਦੱਸਿਆ ਕਿ ਸੱਤਵੇਂ ਦਿਨ ਹੜਤਾਲੀ ਸਹਾਇਕ ਪ੍ਰੋਫੈਸਰਾਂ ਵੱਲੋਂ ਕਾਲਜ ਗੇਟ ਅਤੇ ਪਿ੍ੰਸੀਪਲ ਦਫਤਰ ਅੱਗੇ ਧਰਨਾ ਦਿੱਤਾ ਗਿਆ| ਇਸ ਦੌਰਾਨ ਕਾਲਜ ਪ੍ਰਿੰਸੀਪਲ ਨਾਲ ਪਹਿਲੇ ਗੇੜ ਦੀ ਬੈਠਕ ਬੇਸਿੱਟਾ ਰਹੀ ਪਰ ਦੂਜੀ ਬੈਠਕ ’ਚ ਮੰਗਾਂ ਤੇ ਮਸਲਿਆਂ ’ਤੇ ਜਿਹੜੀ ਸਹਿਮਤੀ ਬਣੀ ਹੈ, ਉਸ ਮੁਤਾਬਿਕ ਦੋਵਾਂ ਧਿਰਾਂ ਕਾਲਜ ਪ੍ਰਸ਼ਾਸਨ ਤੇ ਸੰਘਰਸ਼ੀ ਗੈਸਟ ਫੈਕਲਟੀ ਦੋਵੇਂ ਮਾਮਲੇ ਨੂੰ ਡੀ ਪੀ ਆਈ ਕਾਲਜ ਦਫਤਰ ਕੋਲ ਲੈ ਕੇ ਜਾਣਗੇ, ਉੱਥੇ ਉੱਚ ਅਥਾਰਟੀ ਵੱਲੋਂ ਦੋਵਾਂ ਧਿਰਾਂ ਦੇ ਪੱਖ ਸੁਣ ਕੇ ਜੋ ਵੀ ਅੰਤਿਮ ਫੈਸਲਾ ਲਿਆ ਜਾਏਗਾ ਜਾਂ ਨਿਰਦੇਸ਼ ਹੋਏਗਾ, ਉਹ ਦੋਵੇਂ ਧਿਰਾਂ ਨੂੰ ਮਨਜ਼ੂਰ ਹੋਵੇਗਾ| ਸੰਘਰਸ਼ੀ ਆਗੂ ਪ੍ਰੋ.ਹੁਕਮ ਚੰਦ ਨੇ ਦੱਸਿਆ ਕਿ ਅਜਿਹੇ ਦੌਰਾਨ ਕਾਲਜ ਪ੍ਰਸ਼ਾਸਨ ਵੱਲੋਂ ਗੈਸਟ ਫੈਕਲਟੀ ਟਾਈਮ ਟੇਬਲ ਨੂੰ ਫਿਲਹਾਲ 15 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ, ਜਦੋਂ ਕਿ ਕਾਲਜ ਪ੍ਰਾਸਪੈਕਟਸ ਨੂੰ ਵੀ ਉੱਚ ਅਥਾਰਟੀ ਨਾਲ ਬੈਠਕ ਤੱਕ ਲਾਗੂ ਨਹੀ ਕੀਤਾ ਜਾਵੇਗਾ| ਇਸ ਮੌਕੇ ਜਥੇਬੰਦੀ ਦੇ ਸੰਯੁਕਤ ਫਰੰਟ ਦੇ ਆਗੂ ਰਵਿੰਦਰ ਮਾਨਸਾ, ਤਰਨਜੀਤ ਸਿੰਘ, ਗੁਰਸੇਵਕ ਸਿੰਘ, ਪ੍ਰਦੀਪ ਸਿੰਘ ਆਦਿ ਮੌਜੂਦ ਰਹੇ|

