ਸਹਾਇਕ ਪ੍ਰੋਫੈਸਰਾਂ ਨੇ ਮੁੱਖ ਮੰਤਰੀ ਨੂੰ ਘੇਰਨ ਦਾ ਐਲਾਨ ਕੀਤਾ
1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਨੇ 31 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਨੰਗਲ ਵਿੱਚ ਸੂਬਾ ਪੱਧਰੀ ਵਿਰੋਧ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਫਰੰਟ ਦੇ ਆਗੂਆਂ ਸਹਾਇਕ ਪ੍ਰੋਫੈਸਰ ਹਰਕੰਵਲ ਸਿੰਘ ਅਤੇ...
1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਨੇ 31 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਨੰਗਲ ਵਿੱਚ ਸੂਬਾ ਪੱਧਰੀ ਵਿਰੋਧ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਫਰੰਟ ਦੇ ਆਗੂਆਂ ਸਹਾਇਕ ਪ੍ਰੋਫੈਸਰ ਹਰਕੰਵਲ ਸਿੰਘ ਅਤੇ ਨਿਰਭੈ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੰਟ ਦੀ ਮੀਟਿੰਗ ਵਿੱਚ ਸਹਾਇਕ ਪ੍ਰੋਫੈਸਰਾਂ, ਲਾਇਬਰੇਰੀਅਨਾਂ, ਵਿਦਿਆਰਥੀਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਾਮਲ ਹੁੰਦਿਆਂ ਫਰੰਟ ਵਲੋਂ ਉਲੀਕੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਸੂਬਾ ਪੱਧਰੀ ਘਿਰਾਓ ਵਿੱਚ ਸ਼ਾਮਲ ਹੋਣ ਦਾ ਅਹਿਦ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਅਦਾਲਤ ਵਿੱਚ ਯੋਗ ਪੈਰਵਾਈ ਨਹੀਂ ਕੀਤੀ ਅਤੇ ਨਾ ਹੀ ਦਰੁਸਤ ਢੰਗ ਨਾਲ ਰਿਵਿਊ ਪਟੀਸ਼ਨ ਦਾਇਰ ਕੀਤੀ ਜਿਸ ਦੇ ਮਾੜੇ ਨਤੀਜੇ ਵਜੋਂ ਸੁਪਰੀਮ ਕੋਰਟ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 25 ਸਾਲਾਂ ਬਾਅਦ ਨਿਕਲੀ ਭਰਤੀ ਰੱਦ ਕਰ ਦਿੱਤੀ ਹੈ ਜਿਸ ਕਰ ਕੇ ਸਰਕਾਰੀ ਕਾਲਜਾਂ ਵਿੱਚ ਪੜ੍ਹਦੇ ਲੱਖਾਂ ਗ਼ਰੀਬ-ਲੋੜਵੰਦ ਵਿਦਿਆਰਥੀਆਂ ਸਮੇਤ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਭਵਿੱਖ ਦਾਅ ਉੱਤੇ ਲੱਗ ਗਿਆ ਹੈ। ਹੁਣ ਸਰਕਾਰ ਆਪਣੀ ਵਿਭਾਗੀ ਨਾਕਾਮੀ ਦੀ ਸਜ਼ਾ ਉਨ੍ਹਾਂ ਨੂੰ ਬਿਨਾਂ ਕਸੂਰ ਦੇ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਦਾਇਰ ਕਰ ਕੇ ਜਾਂ ਵਿਧਾਨ ਸਭਾ ਵਿੱਚ ਐਕਟ ਬਣਾ ਕੇ ਆਸਾਨੀ ਨਾਲ ਉਨ੍ਹਾਂ ਦਾ ਰੁਜ਼ਗਾਰ ਅਤੇ ਸਰਕਾਰੀ ਕਾਲਜਾਂ ਨੂੰ ਉੱਜੜਨ ਤੋਂ ਬਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਲਗਾਤਾਰ 5 ਵਾਰ ਲਿਖਤੀ ਅਤੇ 6ਵੀਂ ਵਾਰ ਜ਼ੁਬਾਨੀ ਮੀਟਿੰਗ ਦਾ ਭਰੋਸਾ ਦੇ ਕੇ ਮੀਟਿੰਗ ਤੋਂ ਵੀ ਮੁੱਕਰ ਗਏ ਹਨ।
ਸਰਕਾਰ ਹੁਣ 1158 ਅਸਾਮੀਆਂ ਨੂੰ ਮੁੜ ਨਵੇਂ ਸਿਰੇ ਤੋਂ ਭਰਨ ਦਾ ਰਾਗ ਅਲਾਪ ਰਹੀ ਹੈ, ਜਦਕਿ ਪਹਿਲਾਂ 2021 ਵਿੱਚ ਕੱਢੀ ਭਰਤੀ ਪਿਛਲੇ ਪੰਜ ਸਾਲਾਂ ਤੋਂ ਹਵਾ ਵਿੱਚ ਲਟਕ ਰਹੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਭਰ ਦੇ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ 31 ਮਾਰਚ ਨੂੰ ਫਰੰਟ ਦੇ ਸੱਦੇ ਉੱਤੇ ਨੰਗਲ ਜਾਣਗੇ ਅਤੇ ‘ਆਪ’ ਸਰਕਾਰ ਦੀ ਝੂਠੀ ਕ੍ਰਾਂਤੀ ਪੰਜਾਬ ਦੇ ਲੋਕਾਂ ਸਾਹਮਣੇ ਬੇਪਰਦ ਕਰਨਗੇ। ਉਨ੍ਹਾਂ ਕਿਹਾ ਕਿ ਜੇ ਸਰਕਾਰ 1158 ਉਮੀਦਵਾਰਾਂ ਦੇ ਸਥਾਈ ਰੁਜ਼ਗਾਰ ਦਾ ਪ੍ਰਬੰਧ ਨਹੀਂ ਕਰਦੀ ਅਤੇ ਸਰਕਾਰੀ ਕਾਲਜਾਂ ਦੀ ਨਿੱਘਰਦੀ ਹਾਲਤ ਉੱਤੇ ਗੰਭੀਰ ਨਹੀਂ ਹੁੰਦੀ ਤਾਂ ਆਉਂਦੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਤਿੱਖਾ ਵਿਰੋਧ ਜਾਰੀ ਰਹੇਗਾ।

