ASHA Workers Stopped on Way to Village Satoj: ਆਸ਼ਾ ਵਰਕਰਾਂ ਅਤੇ ਫੈਸੀਲਿਟੇਟਰਾਂ ਨੂੰ ਸਤੌਜ ਜਾਣ ਤੋਂ ਰੋਕਿਆ
ਧਰਨਾਕਾਰੀਆਂ ਨੇ ਮੁੱਖ ਮਾਰਗ ’ਤੇ ਮੁੱਖ ਮੰਤਰੀ ਦਾ ਪੁਤਲਾ ਸਾਡ਼ ਕੇ ਨਾਅਰੇਬਾਜ਼ੀ ਕੀਤੀ
ਮੁੱਖ ਮੰਤਰੀ ਦੇ ਪਿੰਡ ਸਤੌਜ ’ਚ ਰੋਸ ਪ੍ਰਦਰਸ਼ਨ ਲਈ ਜਾ ਰਹੇ ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਫੈਸੀਲਿਟੇਟਰਜ਼ ਯੂਨੀਅਨ (ਏਟਕ) ਪੰਜਾਬ ਅਤੇ ਭਰਾਤਰੀ ਜਥੇਬੰਦੀਆਂ ਦੇ ਕਾਫ਼ਲੇ ਨੂੰ ਪ੍ਰਸ਼ਾਸਨ ਨੇ ਪੁਲੀਸ ਦੀ ਮਦਦ ਨਾਲ ਰਾਹ ਵਿੱਚ ਰੋਕ ਲਿਆ। ਇਸ ਮੌਕੇ ਰਣਦੀਪ ਸਿੰਘ ਸੂਬਾ ਪ੍ਰੈੱਸ ਸਕੱਤਰ ਨੇ ਦੱਸਿਆਂ ਕਿ ਧਰਨਾਕਾਰੀਆਂ ਨੇ ਖਫਾ ਹੋ ਕੇ ਸਾਰੇ ਰਸਤੇ ਜਾਮ ਕਰ ਕੇ ਮੁੱਖ ਮਾਰਗ ਉੱਤੇ ਚੀਮਾ ਮੰਡੀ ਦੇ ਚੌਕ ਵਿੱਚ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬੁਲਾਰਿਆਂ ਨੇ ਉਨ੍ਹਾਂ ਦੀਆਂ ਮੁੱਖ ਮੰਗਾਂ ਦਾ ਜ਼ਿਕਰ ਕਰਦਿਆਂ ਪ੍ਰਦਰਸ਼ਨ ਕੀਤਾ। ਅਖੀਰ ਧਰਨੇ ਦੌਰਾਨ ਭੂਮੀ ਰੱਖਿਆ ਅਫਸਰ ਬਲਰਾਜ ਸਿੰਘ ਵੱਲੋਂ ਮੰਗ ਪੱਤਰ ਲਿਆ ਗਿਆ ਅਤੇ 28 ਸਤੰਬਰ ਨੂੰ ਕੈਬਨਿਟ ਸਬ-ਕਮੇਟੀ ਅਤੇ ਸਿਹਤ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰਜ਼ ਯੂਨੀਅਨ (ਏਟਕ) ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਕੌਰ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਕਨਵੀਨਰ ਗੁਰਜੰਟ ਸਿੰਘ ਕੋਕਰੀ, ਰਣਜੀਤ ਸਿੰਘ ਰਾਣਵਾਂ, ਕ੍ਰਿਸ਼ਨ ਸਿੰਘ ਚੌਹਾਨ, ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ, ਮੁੱਖ ਸਲਾਹਕਾਰ ਸੁਖਵਿੰਦਰ ਕੌਰ ਸੁੱਖੀ ਮਾਨਸਾ ਤੋਂ ਇਲਾਵਾ ਨਿਰਮਲ ਸਿੰਘ ਸਾਬਕਾ ਸਰਪੰਚ ਤੋਲੇਵਾਲ ਸ਼ਾਮਲ ਸਨ।
ਆਸ਼ਾ ਵਰਕਰਾਂ ਨੇ ਸੁਨਾਮ-ਬਠਿੰਡਾ ਰੋਡ ’ਤੇ ਜਾਮ ਲਾਇਆ
ਸੁਨਾਮ ਊਧਮ ਸਿੰਘ ਵਾਲਾ (ਸਤਨਾਮ ਸਿੰਘ ਸੱਤੀ): ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਆਪਣੀਆਂ ਮੰਗਾਂ ਦੀ ਪੂਰਤੀ ਅਤੇ ਪੰਜਾਬ ਸਰਕਾਰ ਵੱਲੋਂ ਕਥਿਤ ਤੌਰ ’ਤੇ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ ਵੱਲੋਂ ਸੁਨਾਮ-ਬਠਿੰਡਾ ਰੋਡ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ। ਇਸ ਦੌਰਾਨ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਧੀਆਂ-ਭੈਣਾਂ ਦੇ ਸਨਮਾਨ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਪਰ ਜਦੋਂ ਆਸ਼ਾ ਵਰਕਰ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਮੁੱਖ ਮੰਤਰੀ ਦੇ ਪਿੰਡ ਵੱਲ ਜਾ ਰਹੀਆਂ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਦਿੱਤਾ ਗਿਆ। ਇਸ ਕਾਰਨ ਉਨ੍ਹਾਂ ਨੂੰ ਸੜਕ ’ਤੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਆਗੂਆਂ ਨੇ ਦੱਸਿਆ ਕਿ ਆਪਣੀਆਂ ਮੰਗਾਂ ਸਬੰਧੀ ਉਹ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਢੁਕਵਾਂ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਮੀਟਿੰਗ ਕਰ ਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ ਅਤੇ ਸਰਕਾਰ ਵੱਲੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਆਸ਼ਾ ਵਰਕਰਾਂ ਦੇ ਭੱਤਿਆਂ ਵਿੱਚ ਕਟੌਤੀ ਕੀਤੇ ਜਾਣ ਕਾਰਨ ਉਨ੍ਹਾਂ ਲਈ ਘਰ ਦਾ ਗੁਜ਼ਾਰਾ ਚਲਾਉਣਾ ਬੇਹੱਦ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲਗਭਗ 2500 ਰੁਪਏ ਦੇ ਭੱਤੇ ਵਿੱਚ ਪਰਿਵਾਰ ਦਾ ਗੁਜ਼ਾਰਾ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਉਨ੍ਹਾਂ ਦੇ ਮਾਣ-ਸਨਮਾਨ ਅਤੇ ਆਰਥਿਕ ਹੱਕਾਂ ਨੂੰ ਯਕੀਨੀ ਬਣਾਇਆ ਜਾਵੇ।

