ਲਾਇਬ੍ਰੇਰੀ ਆਡੀਟੋਰੀਅਮ ਦੀ ਖਸਤਾ ਹਾਲਤ ਕਾਰਨ ਰੰਗਕਰਮੀ ਨਿਰਾਸ਼
ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਜੂਨ
ਕਦੇ ਉੱਤਰੀ ਭਾਰਤ ਦੇ ਰੰਗ ਕਰਮੀਆਂ ਲਈ ਮੱਕਾ ਕਿਹਾ ਜਾਣ ਵਾਲਾ ਪਟਿਆਲਾ ਦੀ ਮਾਲ ਰੋਡ ’ਤੇ ਸਥਿਤ ਸੈਂਟਰਲ ਸਟੇਟ ਲਾਇਬ੍ਰੇਰੀ ਅਧੀਨ ਬਣਿਆ ਆਡੀਟੋਰੀਅਮ ਅੱਜ ਖੰਡਰ ਬਣਦਾ ਜਾ ਰਿਹਾ ਹੈ ਜਿੱਥੇ ਅਨੇਕਾਂ ਤਰ੍ਹਾਂ ਦੇ ਜੀਵ ਰੈਣ ਬਸੇਰਾ ਕਰਦੇ ਹਨ ਜਿਸ ਨੂੰ ਕਬੂਤਰਖ਼ਾਨਾ ਵੀ ਕਿਹਾ ਜਾਂਦਾ ਹੈ। ਲੰਬੇ ਸਮੇਂ ਬਣੀਆਂ ਪੰਜਾਬ ਦੀਆਂ ਸਰਕਾਰਾਂ ਨੇ ਇਸ ਆਡੀਟੋਰੀਅਮ ਤੋਂ ਮੂੰਹ ਮੋੜ ਰੱਖਿਆ ਹੈ।
ਜਾਣਕਾਰੀ ਅਨੁਸਾਰ ਇਹ ਆਡੀਟੋਰੀਅਮ 1956 ਵਿਚ ਬਣਿਆ ਸੀ, ਜਿਸ ਵਿਚ ਹਰਪਾਲ ਟਿਵਾਣਾ, ਰਾਜ ਬੱਬਰ, ਓਮਪੁਰੀ, ਬਲਰਾਜ ਸਾਹਨੀ, ਹਰਜੀਤ ਕੈਂਥ, ਸੰਤੋਸ਼ ਸਾਹਨੀ, ਬਲਵੰਤ ਗਾਰਗੀ, ਰਮੇਸ਼ ਤਲਵਾਰ, ਜਗਜੀਤ ਸਰੀਨ, ਸੁਨੀਤਾ ਧੀਰ, ਨਿਰਮਲ ਰਿਸ਼ੀ, ਐਮਐਸ ਰੰਧਾਵਾ, ਮਨਮੋਹਨ ਕ੍ਰਿਸ਼ਨ, ਪ੍ਰਾਣ ਸਭਰਵਾਲ, ਨੀਨਾ ਟਿਵਾਣਾ, ਜਸਪਾਲ, ਬੀਐਨ ਤਿਵਾੜੀ ਤੇ ਹੋਰ ਬਹੁਤ ਸਾਰੇ ਛੋਟੇ ਵੱਡੇ ਕਲਾਕਾਰਾਂ, ਲੇਖਕਾਂ, ਨਿਰਦੇਸ਼ਕਾਂ ਨੇ ਇਸ ਥੀਏਟਰ ਵਿਚ ਪੈੜਾਂ ਪਾਈਆਂ ਤੇ ਥੀਏਟਰ ਕੀਤਾ। ਇੱਥੇ ਖੇਡੇ ਗਏ ਨਾਟਕਾਂ ਦੀ ਲਿਸਟ ਲੰਬੀ ਹੈ ਜਿਵੇਂ ਕਿ ਬਹੁਤ ਸਾਰੇ ਮਕਬੂਲ ਨਾਟਕ ਕਣਕ ਦੀ ਬੱਲੀ, ਲੋਹਾ ਕੁੱਟ, ਵਤਨ ਕੇ ਲੀਏ, ਮੇਰੇ ਅਯਾਮ, ਕੱਲ੍ਹ ਅੱਜ ਤੇ ਭਲਕ, ਅਧੂਰੀ ਮੂਰਤੀ, ਦੀਵਾ ਬਲ਼ੇ ਸਾਰੀ ਰਾਤ, ਕੋਹੇਨੂਰ ਦਾ ਲੁਟੇਰਾ, ਮਹੰਤ ਚਰਨਦਾਸ, ਹਿੰਦ ਦੀ ਚਾਦਰ, ਚਾਂਦਨੀ ਚੌਂਕ ਆਦਿ ਖੇਡੇ ਗਏ ਪਰ ਅੱਜ ਇਹ ਆਡੀਟੋਰੀਅਮ ਬੇਹਾਲ ਹੈ, ਹਾਲਾਂ ਕਿ 1997 ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਇਹ ਆਡੀਟੋਰੀਅਮ ਸੰਵਾਰਿਆ ਸੀ ਪਰ ਕਿਰਾਇਆ 11000 ਰੁਪਏ ਰੱਖ ਦਿੱਤਾ, ਜੇਕਰ ਏਸੀ ਚਲਾਉਣਾ ਤਾਂ ਕਿਰਾਇਆ ਵੱਧ ਜਾਂਦਾ ਸੀ, ਇਸ ਆਡੀਟੋਰੀਅਮ ਲਈ ਸਰਕਾਰ ਦੀ ਕੋਈ ਮਦਦ ਨਹੀਂ, ਹੁਣ ਇਸ ਦੀ ਛੱਤ ਦਾ ਬੁਰਾ ਹਾਲ ਹੈ, ਕੁਰਸੀਆਂ ਟੁੱਟ ਚੁੱਕੀਆਂ ਹਨ, ਦਰਵਾਜ਼ੇ ਖ਼ਰਾਬ ਹੋ ਚੁੱਕੇ ਹਨ ਜਦ ਕਿ ਇਸ ਆਡੀਟੋਰੀਅਮ ਨੂੰ ਰੰਗਮੰਚ ਦੀ ਵਿਰਾਸਤ ਵਜੋਂ ਸਾਂਭਣਾ ਚਾਹੀਦਾ ਹੈ। ਚੀਫ਼ ਲਾਇਬ੍ਰੇਰੀਅਨ ਪੂਜਾ ਭੰਡਾਰੀ ਨੇ ਕਿਹਾ ਕਿ ਇਸ ਆਡੀਟੋਰੀਅਮ ਨੂੰ ਸੰਵਾਰਨ ਲਈ ਸਰਕਾਰ ਨੂੰ ਲਿਖਿਆ ਹੈ, ਹੋ ਸਕਦਾ ਹੈ ਸਰਕਾਰ ਇਸ ਵੱਲ ਖ਼ਾਸ ਧਿਆਨ ਦੇਵੇ। ਉਨ੍ਹਾਂ ਕਿਹਾ ਹੁਣ ਤਾਂ ਇਸ ਆਡੀਟੋਰੀਅਮ ਦਾ ਬੁਰਾ ਹਾਲ ਹੈ।
ਮੁੱਖ ਮੰਤਰੀ ਇਸ ਆਡੀਟੋਰੀਅਮ ਦੀ ਸਾਰ ਲੈਣ: ਰਾਜ ਬੱਬਰ
ਅਦਾਕਾਰ ਰਾਜ ਬੱਬਰ ਨੇ ਕਿਹਾ ਕਿ ਉਨ੍ਹਾਂ ਇਸ ਆਡੀਟੋਰੀਅਮ ਤੋਂ ਸਫ਼ਰ ਸ਼ੁਰੂ ਕੀਤਾ ਸੀ, ਪੰਜਾਬ ਦੇ ਮੁੱਖ ਮੰਤਰੀ ਵੀ ਕਲਾਕਾਰਾਂ ਵਿਚੋਂ ਹੀ ਆਏ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਆਡੀਟੋਰੀਅਮ ਨੂੰ ਸੰਵਾਰਿਆ ਜਾਵੇ, ਇਹ ਰੰਗਕਰਮੀਆਂ ਦੀ ਵਿਰਾਸਤ ਹੈ। ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ ਕਿ ਉਨ੍ਹਾਂ ਇਸ ਆਡੀਟੋਰੀਅਮ ਤੋਂ ਆਪਣੀ ਰੰਗਮੰਚ ਦੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਹੈ। ਇਸ ਦੀ ਖਸਤਾ ਹਾਲਤ ਵੱਲ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਇਹ ਹਾਲ ਫ਼ਿਲਮੀ ਕਲਾਕਾਰ ਹਰਜੀਤ ਕੈਂਥ ਨੇ ਬਿਆਨਿਆ। ਕਲਾਕਾਰ ਸੁਨੀਤਾ ਧੀਰ ਨੇ ਕਿਹਾ ਕਿ ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤੇ ਅਹਿਮ ਕਲਚਰ ਸੈਂਟਰ ਸੀ ਪਰ ਅੱਜ ਇਸ ਆਡੀਟੋਰੀਅਮ ਵੱਲ ਕੋਈ ਧਿਆਨ ਨਹੀਂ ਦੇ ਰਿਹਾ।