ਡਾਕਟਰ ਬਣ ਕੇ ਗਰੀਬਾਂ ਦੀ ਮਦਦ ਕਰਨਾ ਚਾਹੁੰਦੀ ਹੈ ਅਰਸ਼ਦੀਪ
ਮਾਲੇਰਕੋਟਲਾ, 16 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚ 100 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪੰਜਾਬ ਭਰ ’ਚੋਂ ਤੀਜੇ ਸਥਾਨ ’ਤੇ ਰਹੀ ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਦੀ ਹੋਣਹਾਰ ਵਿਦਿਆਰਥਣ ਅਰਸ਼ਦੀਪ ਕੌਰ ਭਵਿੱਖ ਵਿਚ ਡਾਕਟਰ ਬਣ ਕੇ ਗਰੀਬ ਲੋਕਾਂ ਦੀ ਮੱਦਦ ਕਰਨਾ ਚਹੁੰਦੀ ਹੈ। ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਚੌਂਦਾ ਵਾਸੀ ਕਿਸਾਨ ਕੁਲਵਿੰਦਰ ਸਿੰਘ ਅਤੇ ਸੰਦੀਪ ਕੌਰ ਦੀ ਮਾਣਮੱਤੀ ਬੇਟੀ ਅਰਸ਼ਦੀਪ ਕੌਰ ਨੇ 650 ਨੰਬਰਾਂ ਵਿੱਚੋਂ 650 ਨੰਬਰ ਪ੍ਰਾਪਤ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਆਪਣੀ ਸ਼ਾਨਾਮੱਤੀ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਸਕੂਲ ਸਟਾਫ ਸਮੇਤ ਅਧਿਆਪਕ ਕੁਲਵਿੰਦਰ ਸਿੰਘ ਤੇ ਜਗਦੀਪ ਸਿੰਘ ਨੂੰ ਦਿੰਦਿਆਂ ਅਰਸ਼ਦੀਪ ਕੌਰ ਨੇ ਦੱਸਿਆ ਕਿ ਮਾਪਿਆਂ ਦੀ ਮੱਦਦ ਅਤੇ ਸਕੂਲ ਅਧਿਆਪਕਾਂ ਦੀ ਅਗਵਾਈ ਹੇਠ ਉਸ ਨੇ ਦਿਨ ਰਾਤ ਮਿਹਨਤ ਕਰਕੇ ਬਿੰਨਾਂ ਕਿਸੇ ਟਿਊਸਨ ਤੋਂ ਇਹ ਮੁਕਾਮ ਹਾਸਲ ਕੀਤਾ ਹੈ। ਅਰਸ਼ਦੀਪ ਕੌਰ ਦੇ ਸੌ ਪ੍ਰਤੀਸ਼ਤ ਅੰਕ ਹਾਸਲ ਕਰ ਕੇ ਪੰਜਾਬ ਭਰ ’ਚੋਂ ਤੀਜੇ ਸਥਾਨ ’ਤੇ ਆਉਣ ’ਤੇ ਸਕੂਲ ਚੇਅਰਮੈਨ ਸ਼ਸ਼ੀ ਸਰਮਾ ਅਤੇ ਪ੍ਰਿੰਸੀਪਲ ਸਰੋਜ ਰਾਣੀ ਦੀ ਅਗਵਾਈ ਹੇਠ ਸਕੂਲ ’ਚ ਲੱਡੂ ਵੰਡੇ ਗਏ ਅਤੇ ਆਪਣੇ ਸਕੂਲ ਲਈ ਵੱਡੇ ਮਾਣ ਦਾ ਸਬੱਬ ਬਣੀ ਅਰਸ਼ਦੀਪ ਕੌਰ ਅਤੇ ਉਸਦੇ ਮਾਪਿਆਂ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ।