ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੌਨਸੂਨ ਦੀ ਆਮਦ: ਪਟਿਆਲਾ ਨਦੀ ਦੀ ਸਫ਼ਾਈ ਬਾਰੇ ਦਾਅਵੇ ਕੁਝ ਪਰ ਹਕੀਕਤ ਹੋਰ

ਦੋ ਦਰਜਨ ਤੋਂ ਵੱਧ ਪਿੰਡਾਂ ਦੇ ਵਸਨੀਕਾਂ ’ਚ ਹੜ੍ਹਾਂ ਦਾ ਸਹਿਮ
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ, 25 ਜੂਨ

Advertisement

ਇੱਥੇ ਅੱਜ ਦੂਜੇ ਦਿਨ ਵੀ ਕਿਣ-ਮਿਣ-ਕਾਣੀ ਹੁੰਦੀ ਰਹੀ। ਮੌਨਸੂਨ ਸਿਰ ’ਤੇ ਹੈ ਪਰ ਪਟਿਆਲਾ ਦੇ ਦੋ ਦਰਜਨ ਤੋਂ ਵੱਧ ਪਿੰਡਾਂ ’ਤੇ ਮਾਰ ਕਰਦੀ ਪਟਿਆਲਾ ਨਦੀ ਦੀ ਸਫ਼ਾਈ ਅਜੇ ਤੱਕ ਵੀ ਨਹੀਂ ਕੀਤੀ ਗਈ। ਦੂਜੇ ਪਾਸੇ ਡੀਸੀ ਵਾਰ ਵਾਰ ਮੀਟਿੰਗਾਂ ਕਰਕੇ ਕਹਿ ਰਹੇ ਹਨ ਕਿ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਪ੍ਰਬੰਧ ਮੁਕੰਮਲ ਹਨ। ਅੱਜ ਪਟਿਆਲਾ ਨਦੀ ਦੇ ਕੁਝ ਪਿੰਡਾਂ ਵਿੱਚ ਦੇਖਿਆ ਗਿਆ ਕਿ ਅਜੇ ਤੱਕ ਪਟਿਆਲਾ ਨਦੀ ਦੀ ਸਫ਼ਾਈ ਨਹੀਂ ਕੀਤੀ ਗਈ ਸੀ, ਜਦਕਿ ਜੂਨ ਦੇ ਅੰਤ ਤੱਕ ਨਦੀ ਦੀ ਸਫ਼ਾਈ ਹੋ ਜਾਣੀ ਚਾਹੀਦੀ ਹੈ।

ਇਸ ਮੌਕੇ ਭਾਨਰੀ ਦੇ ਸਮਾਜ ਸੇਵੀ ਗੁਰਧਿਆਨ ਸਿੰਘ ਭਾਨਰੀ, ਹਾਕਮ ਸਿੰਘ, ਲਾਲ ਸਿੰਘ, ਗੁਰਮੀਤ ਸਿੰਘ ਭੁਪਿੰਦਰ ਸਿੰਘ ਭਾਨਰੀ ਨੇ ਕਿਹਾ ਕਿ ਪਟਿਆਲਾ ਨਦੀ ਸੂਲਰ, ਰਿਵਾਸ, ਖੇੜਾ ਜੱਟਾਂ, ਜਲਾਲਖੇੜਾ, ਮੈਣ, ਦੁੱਧੜ, ਕੱਲਰ ਭੈਣੀ, ਭਾਨਰੀ, ਤਰੈਂ, ਡਰੋਲਾ, ਡਰੋਲੀ, ਮੱਦੋਮਾਜਰਾ, ਖੇੜੀ ਵਰਨਾ, ਤੁਲੇਵਾਲ, ਚਤੈਹਰਾ, ਦੁੱਲੜ, ਧਨੌਰੀ, ਮਰਦਾਹੇੜੀ ਤੱਕ ਇਹ ਮਾਰ ਕਰਦੀ ਹੈ। ਪਰ ਅਜੇ ਵੀ ਇਸ ਨਦੀ ਦੀ ਸਫ਼ਾਈ ਨਹੀਂ ਕੀਤੀ ਗਈ ਜਿਸ ਕਰਕੇ ਇਨ੍ਹਾਂ ਪਿੰਡਾਂ ਵਿੱਚ ਹੜ੍ਹ ਆਉਣ ਦਾ ਸਹਿਮ ਬਣਿਆ ਹੋਇਆ ਹੈ ਕਿਉਂਕਿ ਕਰੀਬ ਝੋਨਾ ਲੱਗ ਚੁੱਕਾ ਹੈ।

ਡੀਸੀ ਵੱਲੋਂ ਪੁਖ਼ਤਾ ਪ੍ਰਬੰਧਾਂ ਦਾ ‘ਦਾਅਵਾ’

ਡੀਸੀ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਹੜ੍ਹਾਂ ਤੋਂ ਬਚਾਅ ਲਈ ਬਰਸਾਤ ਤੋਂ ਪਹਿਲਾਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਸਰਕਾਰ ਦੀ ਤਰਜੀਹ ਹੈ ਅਤੇ ਕਿਸੇ ਵੀ ਹਾਲਤ ਵਿੱਚ ਪ੍ਰਬੰਧਾਂ ਵਿੱਚ ਕਮੀਆਂ ਨਹੀਂ ਰਹਿਣੀਆਂ ਚਾਹੀਦੀਆਂ। ਛੋਟੀ ਤੇ ਵੱਡੀ ਨਦੀ ਸਬੰਧੀ ਡਰੇਨੇਜ਼ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਵੀ ਕੀਤਾ ਹੈ। ਸਮੂਹ ਐੱਸਡੀਐੱਮਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਆਉਂਦੇ ਉਨ੍ਹਾਂ ਖੇਤਰਾਂ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਜਿੱਥੇ ਪਹਿਲਾਂ ਬਰਸਾਤਾਂ ਦੌਰਾਨ ਹੜ੍ਹ ਆਏ ਸਨ।

ਨਾਭਾ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਹੜ੍ਹ ਦਾ ਖ਼ਤਰਾ

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਮਹਿਕਮੇ ਤੋਂ ਇੱਥੋਂ ਨੇੜਲੇ ਪਿੰਡਾਂ ਵਿੱਚੋਂ ਲੰਘਦੀ ਨਾਭਾ ਡਰੇਨ ਦੀ ਤੁਰੰਤ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ। ਕਿਸਾਨ ਆਗੂ ਦਵਿੰਦਰ ਸਿੰਘ ਗਰੇਵਾਲ, ਪ੍ਰੇਮਜੀਤ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਸਾਬਕਾ ਪੰਚ, ਹਰਜਿੰਦਰ ਸਿੰਘ, ਬਿੱਟੂ ਕਾਕੜਾ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਨਾਭਾ ਫੋਕਲ ਪੁਆਇੰਟ ਤੋਂ ਸ਼ੁਰੂ ਹੋ ਕੇ ਇਹ ਡਰੇਨ ਭਵਾਨੀਗੜ੍ਹ ਬਲਾਕ ਦੇ ਪਿੰਡ ਜੌਲੀਆਂ, ਪੰਨਵਾਂ, ਕਾਕੜਾ, ਸਕਰੌਦੀ, ਸੰਗਤਪੁਰਾ ਅਤੇ ਘੁਮੰਡ ਸਿੰਘ ਵਾਲਾ ਦੇ ਖੇਤਾਂ ਵਿੱਚ ਗੁਜ਼ਰਦੀ ਹੋਈ ਸਰਹਿੰਦ ਚੋਅ ਵਿੱਚ ਪੈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਡਰੇਨ ਕਾਰਨ ਭਾਰੀ ਬਰਸਾਤ ਦੌਰਾਨ ਵੀ ਉਕਤ ਪਿੰਡਾਂ ਦੇ ਖੇਤਾਂ ਦੀ ਫ਼ਸਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਜਾਂਦਾ ਹੈ।ਕਿਸਾਨ ਆਗੂਆਂ ਨੇ ਦੱਸਿਆ ਕਿ ਸਫਾਈ ਨਾ ਹੋਣ ਕਾਰਨ ਇਸ ਡਰੇਨ ਵਿੱਚ ਘਾਹ ਅਤੇ ਜਲ ਬੂਟੀ ਉੱਗੀ ਖੜੀ ਹੈ, ਜਿਸ ਕਾਰਨ ਇਸ ਡਰੇਨ ਰਾਹੀਂ ਮੀਂਹ ਦੌਰਾਨ ਪਾਣੀ ਦਾ ਨਿਕਾਸ ਨਹੀਂ ਹੋ ਸਕਦਾ। ਉਨ੍ਹਾਂ ਅਗਾਊਂ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਮਹਿਕਮੇ ਵੱਲੋਂ ਇਸ ਡਰੇਨ ਦੀ ਸਫਾਈ ਨਾ ਕਰਵਾਈ ਗਈ ਤਾਂ ਸਬੰਧਤ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਹੋ ਜਾਵੇਗਾ।

Advertisement