ਐੱਨ ਓ ਸੀ ਨਾ ਮਿਲਣ ’ਤੇ ਅਕਾਲੀ ਆਗੂਆਂ ਤੇ ਬੀ ਡੀ ਪੀ ਓ ਵਿਚਾਲੇ ਬਹਿਸ
ਬੀ ਡੀ ਪੀ ਓ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ
ਇੱਥੇ ਪੰਚਾਇਤ ਵਿਭਾਗ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਬੀ ਡੀ ਪੀ ਓ ਵਿਚਾਲੇ ਉਮੀਦਵਾਰਾਂ ਨੂੰ ਐੱਨ ਓ ਸੀ ਜਾਰੀ ਕਰਾਉਣ ਲਈ ਬਹਿਸ ਹੋਈ। ਇਸ ਮੌਕੇ ਨਾਭਾ ਕੋਤਵਾਲੀ ਤੋਂ ਐੱਸ ਐੱਚ ਓ ਸਰਬਜੀਤ ਸਿੰਘ ਚੀਮਾ ਨੇ ਮੌਕੇ ’ਤੇ ਜਾ ਕੇ ਗੱਲਬਾਤ ਸੰਭਾਲੀ ਪਰ ਅਕਾਲੀ ਆਗੂ ਸ਼ਾਮ ਤੱਕ ਦਫਤਰ ’ਚ ਡਟੇ ਰਹੇ। ਉਨ੍ਹਾਂ ਵੱਲੋਂ ਬੀ ਡੀ ਪੀ ਓ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਭੇਜੀ ਗਈ।
ਨਾਭਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਵਿੱਚ ਪਾਰਟੀ ਦੇ ਆਗੂਆਂ ਨੇ ਵਿਰੋਧ ਜਤਾਇਆ ਕਿ ਪੰਚਾਇਤ ਵਿਭਾਗ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਹੋਰਾਂ ਨੂੰ ਚੋਣਾਂ ਲੜਨ ਤੋਂ ਰੋਕਣਾ ਚਾਹੁੰਦਾ ਹੈ। ਜਿਵੇ ਪੰਚਾਇਤੀ ਚੋਣਾਂ ਦੌਰਾਨ ਕਈਆਂ ਦੇ ਨਾਮਜ਼ਦਗੀ ਪੱਤਰ ਹੀ ਖੋਹ ਕੇ ਪਾੜੇ ਜਾ ਰਹੇ ਸਨ, ਹੁਣ ਐੱਨ ਓ ਸੀ ਦੇਣ ਤੋਂ ਇਨਕਾਰੀ ਹੋ ਕੇ ਇਹ ਉਮੀਦਵਾਰਾਂ ਦੇ ਕਾਗਜ਼ ਰੱਦ ਕਰਾਉਣਾ ਚਾਹੁੰਦੇ ਹਨ। ਇਸ ਮੌਕੇ ਅਕਾਲੀ ਆਗੂਆਂ ਨੇ ਰੋਸ ਜਤਾਇਆ ਕਿ ਨਾਮਜ਼ਦਗੀਆਂ ਲਈ ਸਿਰਫ ਦੋ ਦਿਨ ਬਾਕੀ ਹਨ ਅਤੇ ਉਨ੍ਹਾਂ ਦੇ ਉਮੀਦਵਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਮੌਕੇ ਮੱਖਣ ਸਿੰਘ ਲਾਲਕਾ ਅਤੇ ਬੀਡੀਪੀਓ ਬਲਜੀਤ ਕੌਰ ਵਿਚਾਲੇ ਖ਼ਾਸੀ ਤੂੰ ਤੂੰ ਮੈਂ ਮੈਂ ਵੀ ਹੋਈ।
ਬੀ ਡੀ ਪੀ ਓ ਬਲਜੀਤ ਕੌਰ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਜਾਇਜ਼ ਕਬਜ਼ੇ, ਕਿਸੇ ਅਦਾਰੇ ਵੱਲੋਂ ਡਿਫਾਲਟਰ ਐਲਾਨੇ ਹੋਣ, ਜਾਂ ਹੋਰ ਪੜਤਾਲ ਮਗਰੋਂ ਹੀ ਐੱਨ ਓ ਸੀ ਦਿੱਤੀ ਜਾਵੇਗੀ। ਅਕਾਲੀ ਆਗੂ ਦੇਰ ਸ਼ਾਮ ਕੁਝ ਉਮੀਦਵਾਰਾਂ ਦੀ ਐੱਨ ਓ ਸੀ ਲੈ ਕੇ ਹੀ ਵਾਪਸ ਮੁੜੇ। ਆਗੂ ਗੁਰਸੇਵਕ ਸਿੰਘ ਗੋਲੂ ਨੇ ਕਿਹਾ ਕਿ ਬਾਕੀਆਂ ਲਈ ਉਹ ਸਵੇਰੇ ਫੇਰ ਆਕੇ ਬੈਠਣਗੇ। ਮੱਖਣ ਸਿੰਘ ਲਾਲਕਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੱਲ੍ਹ ਨੂੰ ਉਮੀਦਵਾਰਾਂ ਨੂੰ ਨਾਜਾਇਜ਼ ਤੰਗ ਕੀਤਾ ਗਿਆ ਜਾਂ ਨਾਮਜ਼ਦਗੀਆਂ ਭਰਨ ’ਚ ਕੋਈ ਰੁਕਾਵਟ ਪੈਦਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਤੇ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

