ਸ਼ਹੀਦ ਮਾਤਾ ਗੁਰਦੇਵ ਕੌਰ ਦੀ ਬਰਸੀ ਮਨਾਉਣ ਦਾ ਐਲਾਨ

ਸ਼ਹੀਦ ਮਾਤਾ ਗੁਰਦੇਵ ਕੌਰ ਦੀ ਬਰਸੀ ਮਨਾਉਣ ਦਾ ਐਲਾਨ

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਤੇ ਹੋਰ ਆਗੂ ਜਾਣਕਾਰੀ ਦਿੰਦੇ ਹੋਏ।

ਗੁਰਦੀਪ ਸਿੰਘ ਲਾਲੀ

ਸੰਗਰੂਰ, 22 ਨਵੰਬਰ

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ 22 ਦਸੰਬਰ ਨੂੰ ਸ਼ਹੀਦ ਮਾਤਾ ਗੁਰਦੇਵ ਕੌਰ ਜਲੂਰ ਦੀ ਚੌਥੀ ਬਰਸੀ ਮਨਾਉਣ ਦਾ ਐਲਾਨ ਕੀਤਾ ਹੈ। ਇੱਥੇ ਗ਼ਦਰ ਮੈਮੋਰੀਅਲ ਭਵਨ ਵਿੱਚ ਸੰਘਰਸ਼ ਕਮੇਟੀ ਦੀ ਸੰਗਰੂਰ-ਪਟਿਆਲਾ ਜ਼ੋਨਲ ਕਮੇਟੀ ਦੀ ਮੀਟਿੰਗ ਮਗਰੋਂ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਨੇ ਦੱਸਿਆ ਕਿ ਮਾਤਾ ਗੁਰਦੇਵ ਕੌਰ ਜ਼ਮੀਨੀ ਸੰਘਰਸ਼ ਦੀ ਪਹਿਲੀ ਸ਼ਹੀਦ ਹੈ, ਜਿਸ ਦੀ ਬਰਸੀ 22 ਦਸੰਬਰ ਨੂੰ ਪਿੰਡ ਜਲੂਰ ਵਿੱਚ ਮਨਾਉਣ ਲਈ ਸੰਗਰੂਰ, ਪਟਿਆਲਾ, ਬਰਨਾਲਾ ਅਤੇ ਮਾਲੇਰਕੋਟਲਾ ਦੇ ਪਿੰਡਾਂ ਵਿੱਚ ਤਿਆਰੀ ਕੀਤੀ ਜਾਵੇਗੀ ਅਤੇ ਦਲਿਤ ਭਾਈਚਾਰੇ ਨੂੰ ਲਾਮਬੰਦ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜਲੂਰ ਵਿੱਚ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਜ਼ਮੀਨ ਮੰਗਦੇ ਲੋਕਾਂ ’ਤੇ ਧਨਾਢ ਚੌਧਰੀਆਂ ਵੱਲੋਂ ਤਸ਼ੱਦਦ ਕੀਤਾ ਗਿਆ, ਜਿਸ ਦੌਰਾਨ ਮਾਤਾ ਗੁਰਦੇਵ ਕੌਰ ਦੀ ਲੱਤ ਵੱਢੀ ਗਈ ਅਤੇ ਅੱਜ ਮਾਤਾ ਗੁਰਦੇਵ ਕੌਰ ਉਨ੍ਹਾਂ ਸਾਰੇ ਪਿੰਡਾਂ ਦੀ ਸਾਂਝੀ ਸ਼ਹੀਦ ਬਣ ਚੁੱਕੀ ਹੈ, ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਨੂੰ ਸੰਘਰਸ਼ ਕਰ ਕੇ ਪ੍ਰਾਪਤ ਕੀਤਾ ਅਤੇ ਆਪਣੇ ਹੱਕ ਦੀ ਜ਼ਮੀਨ ਉੱਤੇ ਲਾਲ ਝੰਡੇ ਨੂੰ ਬੁਲੰਦ ਕੀਤਾ। ਉਨ੍ਹਾਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਅਜੇ ਤਕ ਮਾਤਾ ਗੁਰਦੇਵ ਕੌਰ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਕੋਈ ਸਜ਼ਾ ਨਹੀਂ ਹੋਈ, ਜਿਨ੍ਹਾਂ ਖ਼ਿਲਾਫ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਮਾਤਾ ਗੁਰਦੇਵ ਕੌਰ ਨੂੰ ਸ਼ਰਧਾਂਜਲੀ ਦੇਣ ਲਈ 22 ਦਸੰਬਰ ਨੂੰ ਪਿੰਡ ਜਲੂਰ ਵਿੱਚ ਵੱਡੀ ਗਿਣਤੀ ਲੋਕ ਸ਼ਮੂਲੀਅਤ ਕਰਨਗੇ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਬਰਸੀ ’ਤੇ ਕੀਤਾ ਜਾਵੇਗਾ। ਮੀਟਿੰਗ ਵਿੱਚ 26 ਨਵੰਬਰ ਨੂੰ ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਦੀ ਹਮਾਇਤ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੰਗਰੂਰ-ਪਟਿਆਲਾ ਦੇ ਪਿੰਡਾਂ ਵਿੱਚੋਂ ਇਕੱਠੇ ਹੋ ਕੇ ਧਰਨਿਆਂ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿੱਚ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਜਗਤਾਰ ਸਿੰਘ ਤੋਲੇਵਾਲ, ਗੁਰਵਿੰਦਰ ਸਿੰਘ ਬੌੜਾਂ ਸ਼ਾਮਲ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All