ਵਿੱਤ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਕੈਬਨਿਟ ਸਬ-ਕਮੇਟੀ ’ਤੇ ਮੀਟਿੰਗ ਤੋਂ ਮੁੱਕਰਨ ਦਾ ਦੋਸ਼
ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਡੀ ਸੀ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਸੂਬਾ ਪੱਧਰੀ ਦਿਨ-ਰਾਤ ਦੇ ਪੱਕੇ ਮੋਰਚੇ ’ਤੇ ਡਟੇ ਬੇਰੁਜ਼ਗਾਰਾਂ ਨੇ ਕੈਬਨਿਟ ਸਬ-ਕਮੇਟੀ ਪੰਜਾਬ ਦੀ ਵਾਅਦਾਖਿਲਾਫ਼ੀ ਦੇ ਰੋਸ ਵਜੋਂ 8 ਅਗਸਤ ਨੂੰ ਇਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੈ।
ਸਥਾਨਕ ਪੱਕੇ ਮੋਰਚੇ ਦੌਰਾਨ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ, ਹਰਜਿੰਦਰ ਝੁਨੀਰ, ਲਖਵੀਰ ਸਿੰਘ ਸਿਰੀਏਵਾਲਾ ਅਤੇ ਨਵਜੋਤ ਸਿੰਘ ਨੇ ਦੱਸਿਆ ਕਿ ਬੀਤੀ 26 ਜੁਲਾਈ ਨੂੰ ਉਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਥਾਨਕ ਕੋਠੀ ਦਾ ਘਿਰਾਓ ਕੀਤਾ ਗਿਆ ਸੀ ਜਿੱਥੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮੀਟਿੰਗ ਪੰਜਾਬ ਕੈਬਨਿਟ ਸਬ-ਕਮੇਟੀ ਦੇ ਇੰਚਾਰਜ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਸਿੱਖਿਆ, ਸਿਹਤ ਮੰਤਰੀ ਅਤੇ ਸਕੱਤਰ ਪਰਸੋਨਲ ਵਿਭਾਗ ਨਾਲ ਨਿਰਧਾਰਤ ਕਰਵਾਈ ਸੀ ਪਰ 29 ਜੁਲਾਈ ਨੂੰ ਸਰਕਾਰ ਵੱਲੋਂ ਇਹ ਮੀਟਿੰਗ ਵੱਖ-ਵੱਖ ਤੌਰ ’ਤੇ ਸਕੱਤਰਾਂ ਅਤੇ ਮੰਤਰੀਆਂ ਨਾਲ ਕਰਨ ਦੀ ਤਜਵੀਜ਼ ਦਿੱਤੀ, ਜਿਸ ਨੂੰ ਮੋਰਚੇ ਨੇ ਠੁਕਰਾ ਕੇ ਬਾਈਕਾਟ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਬੇਰੁਜ਼ਗਾਰ 8 ਅਗਸਤ ਨੂੰ ਸਵੇਰੇ 11 ਵਜੇ ਡੀ ਸੀ ਦਫ਼ਤਰ ਅੱਗੇ ਪੱਕੇ ਮੋਰਚੇ ਵਾਲੇ ਸਥਾਨ ’ਤੇ ਇਕੱਠੇ ਹੋਣਗੇ, ਜਿੱਥੋਂ ਰੋਸ ਮਾਰਚ ਕਰਦਿਆਂ ਵਿੱਤ ਮੰਤਰੀ ਦੀ ਕੋਠੀ ਅੱਗੇ ਪੁੱਜਣਗੇ।
ਇਸ ਮੌਕੇ ਅਮਨਦੀਪ ਕੌਰ, ਮੁਨੀਸ਼ ਫ਼ਾਜ਼ਿਲਕਾ, ਸੰਦੀਪ ਮੋਫ਼ਰ, ਗੁਰਵਿੰਦਰ ਸਿੰਘ, ਜਸਵੀਰ ਸਿੰਘ ਨਾਭਾ, ਗੁਰਪਿਆਰ ਸਿੰਘ ਸੰਗਰੂਰ, ਰਘੁਬੀਰ ਸਿੰਘ ਉਗਰਾਹਾਂ ਅਤੇ ਰਿੰਕੂ ਝਾੜੋਂ ਸਣੇ ਹੋਰ ਆਗੂ ਹਾਜ਼ਰ ਸਨ।

