ਡਿਊਟੀ ਦੌਰਾਨ ਆਂਗਣਵਾੜੀ ਵਰਕਰ ਦੀ ਮੌਤ
ਹਰਦੀਪ ਸਿੰਘ ਸੋਢੀ
ਧੂਰੀ, 4 ਜੁਲਾਈ
ਬਲਾਕ ਧੂਰੀ ਦੀ ਆਂਗਣਵਾੜੀ ਵਰਕਰ ਦੀ ਇੱਕ ਮੀਟਿੰਗ ਦੌਰਾਨ ਹੋਈ ਮੌਤ ਤੋਂ ਬਾਅਦ ਰੋਹ ਵਿੱਚ ਆਏ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਥਾਨਕ ਸਿਵਲ ਹਸਪਤਾਲ ਵਿੱਚ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੱਸਣਯੋਗ ਹੈ ਕਿ ਅੱਜ ਧੂਰੀ ਦੀਆਂ ਆਂਗਣਵਾੜੀ ਵਰਕਰਾਂ ਦੀ ਪਿੰਡ ਲੱਡਾ ਵਿੱਚ ਹੋ ਰਹੀ ਮੀਟਿੰਗ ਦੌਰਾਨ ਵਿਧਵਾ ਸਰਬਜੀਤ ਕੌਰ ਬੇਨੜਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸਰਬਜੀਤ ਕੌਰ ਦਾ ਪੋਸਟਮਾਰਟਮ ਭਲਕੇ ਹੋਵੇਗਾ।
ਧਰਨੇ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੀ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ (ਸੀਟੂ) ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਇਸ ਵਰਕਰ ਦੀ ਮੌਤ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਸਰਕਾਰ ਵਰਕਰਾਂ ’ਤੇ ਬੇਲੋੜਾ ਕੰਮ ਦਾ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਜਿੱਥੇ ਸਬੰਧਤ ਔਰਤਾਂ ਨੂੰ ਰਾਸ਼ਨ ਦੇਣ ਵੇਲੇ ਫੋਟੋ ਲੇਣ, ਓਟੀਪੀ ਲੈਣ ਲਈ ਕਿਹਾ ਗਿਆ ਹੈ, ਉਥੇ ਬੇਲੋੜੀ ਕਾਗਜ਼ੀ ਕਾਰਵਾਈ ਨੇ ਆਂਗਣਵਾੜੀ ਵਰਕਰਾਂ ਦੇ ਦਿਮਾਗ ’ਤੇ ਲੋਡ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਤ ਨੂੰ 11-12 ਵਜੇ ਤੱਕ ਆਂਗਣਵਾੜੀ ਵਰਕਰ ਆਪਣਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਿਗੂੁਣੀ ਤਨਖਾਹ ’ਤੇ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਾਂ ਕੋਲ ਮਹਿੰਗੇ ਮੋਬਾਈਲ ਨਹੀਂ ਹਨ, ਜਿਸ ਨਾਲ ਉਹ ਸਰਕਾਰੀ ਕੰਮ ਕਰ ਸਕਣ।
ਊਸ਼ਾ ਰਾਣੀ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਦੀ ਮੌਤ ਹੋਣ ਕਾਰਨ ਜਿੱਥੇ ਉਸ ਦੇ ਦੋਵੇਂ ਬੱਚੇ ਅਨਾਥ ਹੋ ਗਏ ਹਨ, ਉੱਥੇ ਉਨ੍ਹਾਂ ਦੇ ਪਰਿਵਾਰ ਦੇ ਗੁਜ਼ਾਰੇ ਲਈ ਕੋਈ ਵੀ ਸਾਧਨ ਨਹੀਂ ਰਿਹਾ ਹੈ। ਉਨ੍ਹਾਂ ਪਰਿਵਾਰ ਲਈ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ।
ਧਰਨੇ ਵਿੱਚ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਮੇਜਰ ਸਿੰਘ ਪੁੰਨਾਂਵਾਲ ਨੇ ਵੀ ਸ਼ਿਰਕਤ ਕਰਿਦਿਆ ਸੰਘਰਸ਼ ਵਿੱਚ ਹਰ ਸੰਭਵ ਦੇਣ ਦਾ ਐਲਾਨ ਵੀ ਕੀਤਾ।
ਤਹਿਸੀਲਦਾਰ ਵਿਸ਼ਵਜੀਤ ਸਿੰਘ ਨੇ ਮੰਗ ਪੱਤਰ ਲੈਂਦਿਆਂ ਆਂਗਣਵਾੜੀ ਵਰਕਰਾਂ ਨੂੰ ਲਿਖਤੀ ਭਰੋਸਾ ਦਿਵਾਇਆ ਕਿ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ। ਇਸ ਮੌਕੇ ਨਾਇਬ ਤਹਿਸੀਲਦਾਰ ਮਨੀ ਮਹਾਜਨ, ਸੀਡੀਪੀਓ ਹਰਬੰਸ ਸਿੰਘ ਹੋਰ ਅਧਿਕਾਰੀ ਹਾਜ਼ਰ ਸਨ।