ਹਾਦਸੇ ’ਚ ਐਮਾਜ਼ੋਨ ਮੁਲਾਜ਼ਮ ਦੀ ਮੌਤ
ਇੱਥੇ ਰਾਜਪੁਰਾ-ਅੰਬਾਲਾ ਰੋਡ ’ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਐਮਾਜ਼ੋਨ ਵੇਅਰਹਾਊਸ ਵਿੱਚ ਕੰਮ ਕਰਦੀ ਲੜਕੀ ਨੇਹਾ ਦੀ ਮੌਤ ਹੋ ਗਈ ਜਦਕਿ ਉਸ ਦੀਆਂ ਦੋ ਸਾਥਣਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੇਹਾ ਆਪਣੀਆਂ ਸਾਥਣਾਂ...
ਇੱਥੇ ਰਾਜਪੁਰਾ-ਅੰਬਾਲਾ ਰੋਡ ’ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਐਮਾਜ਼ੋਨ ਵੇਅਰਹਾਊਸ ਵਿੱਚ ਕੰਮ ਕਰਦੀ ਲੜਕੀ ਨੇਹਾ ਦੀ ਮੌਤ ਹੋ ਗਈ ਜਦਕਿ ਉਸ ਦੀਆਂ ਦੋ ਸਾਥਣਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੇਹਾ ਆਪਣੀਆਂ ਸਾਥਣਾਂ ਨਾਲ ਸੜਕ ਪਾਰ ਕਰ ਕੇ ਵੇਅਰਹਾਊਸ ਵੱਲ ਜਾ ਰਹੀ ਸੀ ਜਿਸ ਦੌਰਾਨ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਨੇਹਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋਵੇਂ ਲੜਕੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ। ਏ ਐੱਸ ਆਈ ਜਸਵੰਤ ਸਿੰਘ ਨੇ ਦੱਸਿਆ ਕਿ ਨੇਹਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਜ਼ਖ਼ਮੀ ਦੋਵੇਂ ਲੜਕੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਜਪੁਰਾ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
ਹਾਦਸੇ ’ਚ ਚਾਲਕ ਦੀ ਮੌਤ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਪਿੰਡ ਚੰਨੋਂ ਨੇੜੇ ਕਿਸੇ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਚਾਲਕ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਹਰਪ੍ਰੀਤ ਸਿੰਘ ਵਾਸੀ ਪਿੰਡ ਮੱਤਾਂ ਜ਼ਿਲ੍ਹਾ ਫ਼ਰੀਦਕੋਟ ਨੇ ਪੁਲੀਸ ਨੂੰ ਲਿਖਵਾਏ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੇ ਸਾਲੇ ਮਨਪ੍ਰੀਤ ਸਿੰਘ (26) ਵਾਸੀ ਪਿੰਡ ਤੂਤ ਜ਼ਿਲ੍ਹਾ ਫਿਰੋਜ਼ਪੁਰ ਨਾਲ ਮੋਟਰਸਾਈਕਲਾਂ ’ਤੇ ਭਵਾਨੀਗੜ੍ਹ ਤੋਂ ਪਟਿਆਲਾ ਜਾ ਰਿਹਾ ਸੀ ਕਿ ਪਿੰਡ ਚੰਨੋਂ ਨੇੜੇ ਟਰੈਫ਼ਿਕ ਜ਼ਿਆਦਾ ਹੋਣ ਕਾਰਨ ਉਹ ਆਪਣੇ ਸਾਲੇ ਦੇ ਮੋਟਰਸਾਈਕਲ ਤੋਂ ਥੋੜ੍ਹਾ ਪਿੱਛੇ ਰਹਿ ਗਿਆ। ਜਦੋਂ ਹੀ ਉਹ ਚੰਨੋਂ ਦੇ ਬੱਸ ਅੱਡੇ ਤੋਂ ਥੋੜ੍ਹਾ ਅੱਗੇ ਪਹੁੰਚਿਆ ਤਾਂ ਉਸ ਦਾ ਸਾਲਾ ਮਨਪ੍ਰੀਤ ਸਿੰਘ ਆਪਣੇ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗਿਆ ਪਿਆ ਸੀ ਜਿਸ ਦੇ ਮੋਟਰਸਾਈਕਲ ਨੂੰ ਕੋਈ ਅਣਪਛਾਤਾ ਵਾਹਨ ਫੇਟ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ। ਉਸ ਵੱਲੋਂ ਗੰਭੀਰ ਜ਼ਖ਼ਮੀ ਆਪਣੇ ਸਾਲੇ ਮਨਪ੍ਰੀਤ ਸਿੰਘ ਨੂੰ ਰਾਹਗੀਰਾਂ ਦੀ ਮੱਦਦ ਨਾਲ ਐਂਬੂਲੈਂਸ ਰਾਹੀਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਚੌਕੀ ਕਾਲਾਝਾੜ ਦੇ ਸਹਾਇਕ ਸਬ-ਇੰਸਪੈਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਵਾਹਨ ਤੇ ਉਸ ਦੇ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

