Aman Arora: ਆਜ਼ਾਦ ਕਿਸਾਨ ਯੂਨੀਅਨ ਵੱਲੋਂ ਅਰੋੜਾ ਖ਼ਿਲਾਫ਼ ਨਾਅਰੇਬਾਜ਼ੀ
ਬੀ ਕੇ ਯੂ (ਏਕਤਾ) ਆਜ਼ਾਦ ਵੱਲੋਂ ਅੱਜ ਪਿੰਡ ਲੌਂਗੋਵਾਲ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਲਈ ਆਏ ‘ਆਪ’ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਸਵਾਲ-ਜਵਾਬ ਪੁੱਛਣ ਲਈ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ...
ਬੀ ਕੇ ਯੂ (ਏਕਤਾ) ਆਜ਼ਾਦ ਵੱਲੋਂ ਅੱਜ ਪਿੰਡ ਲੌਂਗੋਵਾਲ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਲਈ ਆਏ ‘ਆਪ’ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਸਵਾਲ-ਜਵਾਬ ਪੁੱਛਣ ਲਈ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਦੀ ਅਗਵਾਈ ਹੇਠ ਇਕੱਤਰਤਾ ਕੀਤੀ ਗਈ। ਇਸ ਬਾਰੇ ਪਤਾ ਲੱਗਣ ’ਤੇ ਪੁਲੀਸ ਨੇ ਇਲਾਕੇ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਕਿਸਾਨ ਪੁਲੀਸ ਦੀਆਂ ਰੋਕਾਂ ਤੋੜਦੇ ਹੋਏ ਮੰਤਰੀ ਦੇ ਪ੍ਰੋਗਰਾਮ ਦੀ ਜਗ੍ਹਾ ਕੋਲ ਪਹੁੰਚ ਗਏ ਅਤੇ ਨਾਅਰੇਬਾਜ਼ੀ। ਜਸਵਿੰਦਰ ਲੌਂਗੋਵਾਲ ਨੇ ਕਿਹਾ ਕਿ ਲੋਕਾਂ ਵਿੱਚ ਪਾਰਟੀ ਦੇ ਪ੍ਰਚਾਰ ਲਈ ਆਉਣ ਵਾਲਾ ‘ਆਪ’ ਪ੍ਰਧਾਨ ਲੋਕਾਂ ਦੇ ਸੁਆਲਾਂ ਦੇ ਜੁਆਬ ਦੇਣ ਤੋਂ ਡਰਿਆ ਹੋਇਆ ਹੈ।
ਆਉਣ ਵਾਲੇ ਦਿਨਾਂ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਸ਼ੰਭੂ ਖਨੌਰੀ ਮੋਰਚੇ ਦਾ ਮੁਆਵਜ਼ਾ ਲੈਣ ਲਈ ਵੱਡੇ ਪ੍ਰੋਗਰਾਮ ਕੀਤੇ ਜਾਣਗੇ।
ਕਿਰਤੀ ਕਿਸਾਨ ਯੂਨੀਅਨ ਨੇ ਮੰਗ ਪੱਤਰ ਸੌਂਪਿਆ
ਲੌਂਗੋਵਾਲ ਕਮਿਊਨਿਟੀ ਸੈਂਟਰ ਵਿੱਚ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪ੍ਰੋਗਰਾਮ ਵਿੱਚ ਪਹੁੰਚ ਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਲੌਂਗੋਵਾਲ ਦੇ ਕਿਸਾਨਾਂ ਨੂੰ ਅੱਜ ਤੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਪੈਸੇ ਆਉਣੇ ਸ਼ੁਰੂ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇੱਥੇ ਹੱਡਾਰੋੜੀ ਦਾ ਪ੍ਰਬੰਧ ਕੀਤਾ ਜਾਵੇ, ਸਰਕਾਰੀ ਹਸਪਤਾਲ ਲੌਂਗੋਵਾਲ ਵਿੱਚ ਐਮਰਜੈਂਸੀ ਚਾਲੂ ਕੀਤੀ ਜਾਵੇ ਅਤੇ ਪਟਵਾਰਖਾਨੇ ਦੀ ਇਮਾਰਤ ਸਬ-ਤਹਿਸੀਲ ਦਫ਼ਤਰ ਵਿੱਚ ਲਿਆਂਦੀ ਜਾਵੇ ਆਦਿ। ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਸਕੱਤਰ ਸਤਵੰਤ ਸਿੰਘ ਦੁਲਟ, ਹਾਕਮ ਸਿੰਘ, ਇਕਾਈ ਪ੍ਰਧਾਨ ਹਰਦੇਵ ਸਿੰਘ ਦੁਲਟ, ਕਾਲਾ ਸਿੰਘ ਨਿੱਕਾ ਸਿੰਘ ਨੇ ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ।

