Political Shift: ਅਕਾਲੀ ਦਲ (ਪੁਨਰ ਸੁਰਜੀਤ) ਦਾ ਆਗੂ ਸੁਖਵੰਤ ਸਰਾਓ ਭਾਜਪਾ ’ਚ ਸ਼ਾਮਲ
ਸੂਬਾ ਕਾਰਜਕਾਰੀ ਪ੍ਰਧਾਨ ਦੀ ਹਾਜ਼ਰੀ ਚ ਫੜਿਆ ਭਾਜਪਾ ਦਾ ਪੱਲਾ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਉਪ ਪ੍ਰਧਾਨ ਸੁਖਵੰਤ ਸਿੰਘ ਸਰਾਓ ਪਾਰਟੀ ਨੂੰ ਅਲਵਿਦਾ ਆਖਦਿਆਂ ਸਮਰਥਕਾਂ ਸਣੇ ਭਾਜਪਾ ’ਚ ਸ਼ਾਮਲ ਹੋ ਗਏ। ਚੰਡੀਗੜ੍ਹ ਵਿੱਚ ਲੰਘੇ ਦਿਨ ਹੋਏ ਸਮਾਗਮ ਦੌਰਾਨ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਕੁਮਾਰ ਦੀ ਹਾਜ਼ਰੀ ਵਿੱਚ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜਿਆ।
ਦੱਸਣਯੋਗ ਹੈ ਕਿ ਸੁਖਵੰਤ ਸਿੰਘ ਸਰਾਓ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਜੋਂ ਸੇਵਾਵਾਂ ਨਿਭਾਅ ਰਹੇ ਸਨ ਪਰ 30 ਸਤੰਬਰ 2011 ਨੂੰ ਇੱਛਾ ਅਨੁਸਾਰ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਕੇ ਰਾਜਨੀਤੀ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਲਹਿਰਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਚੋਣ ਹਾਰ ਗਏ ਸਨ। ਸਰਾਓ ਦੇ ਵੱਡੇ ਭਰਾ ਗਿਆਨੀ ਨਿਰੰਜਨ ਸਿੰਘ ਭੁਟਾਲ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਹਨ। ਸੁਖਵੰਤ ਸਿੰਘ ਸਰਾਓ ਨੇ ਕਿਹਾ ਕਿ ਅਕਾਲੀ ਦਲ ਆਪਸੀ ਫੁੱਟ ਦਾ ਸ਼ਿਕਾਰ ਹੋ ਚੁੱਕਿਆ ਹੈ ਜਿਸ ਦਾ ਕੋਈ ਸਿਆਸੀ ਭਵਿੱਖ ਨਜ਼ਰ ਨਹੀਂ ਆ ਰਿਹਾ। ‘ਆਪ’ ਸਰਕਾਰ ਹਰ ਫਰੰਟ ’ਤੇ ਨਾਕਾਮ ਹੋ ਚੁੱਕੀ ਹੈ। ਨਿੱਤ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਨਸ਼ਿਆਂ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੇ ਹਾਲਾਤ ’ਚੋਂ ਸਿਰਫ਼ ਭਾਜਪਾ ਹੀ ਕੱਢ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ।

