ਅਕਾਲੀ ਦਲ ਪੁਰਨ ਸੁਰਜੀਤ ਵੱਲੋਂ ਬਲਿਹਾਰ ਸਿੰਘ ਹਰਿਆਊ ਜ਼ਿਲ੍ਹਾ ਪਰਿਸ਼ਦ ਲਈ ਉਮੀਦਵਾਰ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਥੇਬੰਦਕ ਸਕੱਤਰ ਕਰਨ ਸਿੰਘ ਡੀਟੀਓ ਦੀ ਅਗਵਾਈ 'ਚ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ 'ਚ ਉਮੀਦਵਾਰਾਂ ਨੂੰ ਉਤਾਰਨ ਲਈ ਵਿਚਾਰਾਂ ਕੀਤੀਆਂ ਤੇ ਜੈਕਾਰਿਆਂ ਦੀ ਗੂੰਜ ਵਿੱਚ ਬਲਿਹਾਰ ਸਿੰਘ ਹਰਿਆਊ ਨੂੰ ਜ਼ਿਲ੍ਹਾ ਪਰਿਸ਼ਦ ਦੇ ਗੁਲਾੜ੍ਹ ਜ਼ੋਨ ਤੋਂ ਉਮੀਦਵਾਰ ਐਲਾਨਿਆ ਗਿਆ।
ਜਥੇਬੰਦਕ ਸਕੱਤਰ ਕਰਨ ਸਿੰਘ ਡੀਟਓ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੀਆਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਭਲਕ ਤੱਕ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤਰਨ ਤਾਰਨ ਦੀ ਤਰਜ਼ 'ਤੇ ਇਨ੍ਹਾਂ ਚੋਣਾਂ ਵਿੱਚ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਉਕਤ ਚੋਣ ਨੂੰ ਲੈ ਕੇ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਪਾਰਟੀ ਵਰਕਰ ਨੇ ਭਰੋਸਾ ਦਿੱਤਾ ਹੈ ਕਿ ਪਾਰਟੀ ਵੱਲੋਂ ਦਿੱਤੇ ਗਏ ਉਮੀਦਵਾਰਾਂ ਨੂੰ ਜਿਤਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਹੈ ਕਿ ਬਲਾਕ ਸਮਿਤੀ ਪਾਤੜਾਂ ਦੀਆਂ ਸਾਰੀਆਂ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਕਰ ਲਈ ਹੈ ਬਸ ਐਲਾਨ ਬਾਕੀ ਹੈ। ਉਨ੍ਹਾਂ ਕਿਹਾ ਹੈ ਕਿ ਪੜ੍ਹੇ ਲਿਖੇ, ਸੂਝਵਾਨ ਤੇ ਇਮਾਨਦਾਰ ਉਮੀਦਵਾਰ ਲੋਕਾਂ ਦੀ ਸਹਿਮਤੀ ਨਾਲ ਖੜ੍ਹੇ ਕਰਕੇ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ। ਇਸੇ ਦੌਰਾਨ ਉਨ੍ਹਾਂ ਐਲਾਨੇ ਗਏ ਉਕਤ ਉਮੀਦਵਾਰ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ।
