ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਨਾਭਾ ਨਗਰ ਕੌਂਸਲ ਚੋਣਾਂ ਲੜਨ ਦਾ ਐਲਾਨ
ਨਗਰ ਕੌਂਸਲ ਦੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਨਾਭਾ ਵਿਚ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ। ਚੁਣਾਵੀ ਮਾਹੌਲ ਦੇਖਦੇ ਹੋਏ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਵੱਲੋਂ ਨਗਰ ਕੌਂਸਲ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ। ਘੋੜਿਆਂ ਵਾਲਾ ਗੁਰਦੁਆਰਾ...
ਨਗਰ ਕੌਂਸਲ ਦੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਨਾਭਾ ਵਿਚ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ। ਚੁਣਾਵੀ ਮਾਹੌਲ ਦੇਖਦੇ ਹੋਏ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਵੱਲੋਂ ਨਗਰ ਕੌਂਸਲ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ। ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਮਗਰੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਵਰਗਾਂ ਕੋਲੋਂ ਸਥਾਨਕ ਮੁੱਦੇ ਪੁਛੇ ਗਏ ਜਿਸ ਨਾਲ ਉਹ ਆਪਣਾ ਮੈਨੀਫੈਸਟੋ ਤਿਆਰ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਪ੍ਰੀਤ ਇੰਡਸਟਰੀਜ਼ ਦੇ ਮਾਲਕ ਹਰੀ ਸਿੰਘ ਦੀ ਪ੍ਰਧਾਨਗੀ 'ਚ ਹੋਈ ਤੇ ਉਹ ਨਾਭਾ ਨਗਰ ਕੌਂਸਲ ਚੋਣਾਂ ਵਿੱਚ ਸ਼ਹਿਰ ਲਈ ਵਧੀਆ ਕਿਰਦਾਰ ਵਾਲੇ ਉਮੀਦਵਾਰ ਉਤਾਰਨਗੇ। ਇਸ ਮੌਕੇ ਧਰਵਿੰਦਰ ਸਿੰਘ ਭੋਜੋਮਾਜਰੀ ਨੂੰ ਚੋਣਾਂ ਦਾ ਕੋਆਰਡੀਨੇਟਰ ਲਗਾਇਆ ਗਿਆ।
ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਵੀ ਇਸ ਮੀਟਿੰਗ ਵਿੱਚ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਹਿਰ ਵਿੱਚ ਮਿਲੀ ਆਵਾਜ਼ ਤੋਂ ਪਤਾ ਲੱਗਿਆ ਹੈ ਕਿ ਲੋਕਾਂ ਵਿੱਚ ਨਗਰ ਕੌਂਸਲ ਦੇ ਕੰਮ ਕਾਰ ਨੂੰ ਲੈ ਕੇ ਪਾਰਦਰਸ਼ਿਤਾ ਦੀ ਵੱਡੀ ਮੰਗ ਹੈ। ਇਸ ਤੋਂ ਇਲਾਵਾ ਸਾਰੀਆਂ ਪਾਰਟੀਆਂ ਵੱਲੋਂ ਅੰਦਰਖਾਤੇ ਗਠਜੋੜ ਕਰਨ ਕਾਰਨ ਕੋਈ ਵਿਰੋਧੀ ਧਿਰ ਸ਼ਹਿਰ ਵਿੱਚ ਮੌਜੂਦ ਨਹੀਂ ਹੈ ਜਿਸ ਕਰਕੇ ਲੋਕਾਂ ਵਿੱਚ ਰੋਸ ਹੈ ਕਿ ਸੱਤਾਧਿਰ ਮਨਮਾਨੀ ਕਰਨ 'ਚ ਸਫਲ ਰਹਿੰਦੀ ਹੈ। ਆਗੂ ਜਸਪਾਲ ਸਿੰਘ ਕਲਿਆਣ ਨੇ ਦੱਸਿਆ ਕਿ ਉਮੀਦਵਾਰ ਕਿਸੇ ਪਾਰਟੀ ਵੱਲੋਂ ਚੋਣ ਜਿੱਤੇ ਹੋਣ, ਉਹ ਮੌਕੇ ਦੀ ਸਰਕਾਰ 'ਚ ਬੈਠੀ ਪਾਰਟੀ ਨਾਲ ਜਾ ਮਿਲਦੇ ਹਨ, ਇਸ ਗੱਲ ਦਾ ਵੀ ਲੋਕਾਂ ਵਿੱਚ ਰੋਸ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਜਿਥੇ ਉਹ ਅਸੂਲਾਂ 'ਤੇ ਖੜਨ ਵਾਲੇ ਉਮੀਦਵਾਰ ਦੇਣਗੇ, ਉਥੇ ਹੀ ਸਾਫ ਅਕਸ ਵਾਲੇ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਵੀ ਕਰਨਗੇ।

