ਸ਼੍ਰੋਮਣੀ ਅਕਾਲੀ ਦਲ (ਬ) ਦੇ ਤਿੰਨ ਜ਼ਿਲ੍ਹਿਆਂ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੇ ਪਾਰਟੀ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਹਲਕਾ ਇੰਚਾਰਜ ਸੁਨਾਮ ਵਿਨਰਜੀਤ ਸਿੰਘ ਗੋਲਡੀ ਦੀ ਅਗਵਾਈ ਵਿੱਚ ਸਥਾਨਕ ਅਨਾਜ ਮੰਡੀ ਵਿੱਚ ਹੋਈ। ਮੀਟਿੰਗ ਉਪਰੰਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਲਡੀ ਨੇ ਕਿਹਾ ਕਿ ਉਨ੍ਹਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਉਣ ਲਈ ਡੀ ਸੀ ਸੰਗਰੂਰ ਨੂੰ 27 ਅਪਰੈਲ 2026 ਨੂੰ ਦਰਖਾਸਤ ਦਿੱਤੀ ਸੀ। ਉਨ੍ਹਾਂ ਇਹ ਦਰਖਾਸਤ 30 ਜੁਲਾਈ ਨੂੰ ਐੱਸ ਡੀ ਐੱਮ ਸੰਗਰੂਰ ਤੇ ਐੱਸ ਐੱਸ ਪੀ ਸੰਗਰੂਰ ਨੂੰ ਮਾਰਕ ਕਰ ਦਿੱਤੀ। ਬੀਤੀ 12 ਅਗਸਤ ਨੂੰ ਮਾਰਕੀਟ ਕਮੇਟੀ ਚੀਮਾ ਵਿੱਚ 10,000 ਰੁਪਏ ਭਰ ਦਿੱਤੇ ਗਏ ਤੇ 26,020 ਰੁਪਏ ਔਨਲਾਈਨ ਜਮ੍ਹਾਂ ਕਰਵਾ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹੁਣ ਅਨਾਜ ਮੰਡੀ ਦੇ ਸ਼ੈੱਡਾਂ ਦੀ ਥਾਂ ਅਕਾਲੀ ਦਲ (ਬ) ਦੇ ਆਗੂ ਪ੍ਰਮਿੰਦਰ ਸਿੰਘ ਢੀਂਡਸਾ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਜਗ੍ਹਾ ਲੈ ਕੇ ਝਗੜਾ ਕਰ ਰਹੇ ਹਨ ਕਿ ਇੱਥੇ (ਪੁਨਰ ਸੁਰਜੀਤ) ਵਾਲੇ ਅਕਾਲੀ ਦਲ ਦੀ ਕਾਨਫਰੰਸ ਹੋਵੇਗੀ। ਉਨ੍ਹਾਂ ਦੋਸ਼ ਲਾਇਆ ਕਿ 15 ਅਗਸਤ ਛੁੱਟੀ ਵਾਲੇ ਦਿਨ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਦੀ ਸ਼ਹਿ ’ਤੇ ਇਨ੍ਹਾਂ ਵੱਲੋਂ ਮਾਰਕੀਟ ਕਮੇਟੀ ਚੀਮਾ ਦਾ ਦਫ਼ਤਰ ਖੁੱਲ੍ਹਵਾ ਕੇ ਫੀਸ ਜਮ੍ਹਾਂ ਕਰਵਾਈ ਗਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਕਾਨਫਰੰਸ ਇਸੇ ਹੀ ਜਗ੍ਹਾ ਕਰਨਗੇ ਤੇ ਜੇ ਕੋਈ ਨੀਮ ਹਕੀਮ ਜਾਂ ਉੱਨੀ ਇੱਕੀ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ, ਕੈਬਨਿਟ ਮੰਤਰੀ, ਢੀਂਡਸਾ ਤੇ ਲੌਂਗੋਵਾਲ ਹੋਣਗੇ।
ਅਕਾਲੀ ਦਲ ਨੇ ਕਮੇਟੀ ਦੇ ਸਰਮਾਏ ਦਾ ਨੁਕਸਾਨ ਕੀਤਾ: ਲੌਂਗੋਵਾਲ
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਬਹਾਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਤੀ ਸਰਮਾਏ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਲੌਂਗੋਵਾਲ ਨੇ ਕਿਹਾ ਕਿ ਤਿੰਨ ਸਾਲ ਲਗਾਤਾਰ ਪ੍ਰਧਾਨ ਰਹਿਣ ਦੇ ਬਾਵਜੂਦ ਉਨ੍ਹਾਂ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸੰਤ ਲੌੌਂਗੋਵਾਲ ਦੀ ਬਰਸੀ ’ਤੇ ਖਰਚਾ ਨਹੀਂ ਕਰਵਾਇਆ ਸੀ।

