ਅਕਾਲ ਸਹਾਇ ਅਕੈਡਮੀ, ਭੁਟਾਲ ਕਲਾਂ ਅੰਡਰ-16 (ਲੜਕੀਆਂ) ਦੀ ਟੀਮ ਨੇ ਰਾਜ ਪੱਧਰੀ ਕਬੱਡੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਸੰਗਰੂਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਹ ਟੂਰਨਾਮੈਂਟ ਪੰਜਾਬ ਕਬੱਡੀ ਐਸੋਸੀਏਸ਼ਨ (ਪੰਜਾਬ) ਵੱਲੋਂ ਕਬੱਡੀ ਨੈਸ਼ਨਲ ਸਟਾਈਲ ਅਧੀਨ ਪਿੰਡ ਮਹਿਤਾਬਪੁਰ (ਜਲੰਧਰ) ਵਿੱਚ ਕਰਵਾਇਆ ਗਿਆ ਸੀ। ਜ਼ਿਲ੍ਹਾ ਸੰਗਰੂਰ ਦੀ ਟੀਮ ਨੇ ਸੈਮੀ ਫਾਈਨਲ ਵਿੱਚ ਫਰੀਦਕੋਟ ਨੂੰ ਮਾਤ ਦਿੰਦਿਆਂ ਫਾਈਨਲ ਵਿੱਚ ਥਾਂ ਬਣਾਈ। ਖ਼ਿਤਾਬੀ ਮੁਕਾਬਲੇ ’ਚ ਉਹ ਮੁਕਤਸਰ ਦੀ ਟੀਮ ਤੋਂ ਹਾਰ ਕੇ ਦੂਜੇ ਸਥਾਨ ’ਤੇ ਰਹੀ। ਟੀਮ ਦੀ ਕਪਤਾਨੀ ਗੁਰਜੋਤ ਕੌਰ ਅਤੇ ਅਗਵਾਈ ਸਤਨਾਮ ਸਿੰਘ (ਕੋਚ) ਨੇ ਕੀਤੀ, ਜਦਕਿ ਮੈਨੇਜਰ ਹਰਪ੍ਰੀਤ ਕੌਰ (ਖਾਈ), ਕੋਚ ਅੰਮ੍ਰਿਤ (ਦਿੜ੍ਹਬਾ) ਅਤੇ ਕੋਚ ਕਾਲਾ (ਕਾਂਝਲਾ) ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ। ਤਿੰਨ ਖਿਡਾਰਨਾਂ ਕੈਪਟਨ ਗੁਰਜੋਤ ਕੌਰ (ਹਰੀਗੜ੍ਹ), ਕੋਮਲਪ੍ਰੀਤ ਕੌਰ (ਲਹਿਲ ਕਲਾਂ) ਅਤੇ ਮਹਿਕਪ੍ਰੀਤ ਕੌਰ (ਖਾਈ) ਦੀ ਸੂਬਾ ਪੱਧਰੀ ਟੀਮ ਲਈ ਚੋਣ ਹੋਈ ਹੈ। ਟੀਮ ਦੇ ਜਿੱਤ ਕੇ ਪਰਤਣ ’ਤੇ ਸਕੂਲ ਦੇ ਚੇਅਰਮੈਨ ਡਾ. ਤਰਸੇਮ ਪੁਰੀ ਅਤੇ ਪ੍ਰਿੰਸੀਪਲ ਰਜਨੀ ਰਾਣੀ ਨੇ ਖਿਡਾਰਨਾਂ ਦਾ ਸ਼ਾਨਦਾਰ ਸਵਾਗਤ ਕੀਤਾ।

