ਅਜਨੀਸ਼ ਕੁਮਾਰ ਦਾ ਪੰਜਾਬ ਅਚੀਵਰਜ਼ ਐਵਾਰਡ ਨਾਲ ਸਨਮਾਨ
ਟ੍ਰਿਬਿਊਨ ਪ੍ਰਕਾਸ਼ਨ ਸਮੂਹ ਵੱਲੋਂ ਪਟਿਆਲਾ ’ਚ ਲੰਘੇ ਦਿਨੀਂ ਕਰਵਾਏ ਗਏ ਸਮਾਗਮ ਦੌਰਾਨ ਰਿਖੀ ਦੇਵ ਸਪੋਰਟਸ ਕਲੱਬ ਨੂੰ ‘ਦਿ ਟ੍ਰਿਬਿਊਨ ਪੰਜਾਬ ਅਚੀਵਰਜ਼ ਐਵਾਰਡ 2026’ ਨਾਲ ਸਨਮਾਨਿਤ ਕੀਤਾ| ਇਹ ਸਨਮਾਨ ਕਲੱਬ ਦੇ ਪ੍ਰਧਾਨ ਅਜਨੀਸ਼ ਕੁਮਾਰ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ...
ਟ੍ਰਿਬਿਊਨ ਪ੍ਰਕਾਸ਼ਨ ਸਮੂਹ ਵੱਲੋਂ ਪਟਿਆਲਾ ’ਚ ਲੰਘੇ ਦਿਨੀਂ ਕਰਵਾਏ ਗਏ ਸਮਾਗਮ ਦੌਰਾਨ ਰਿਖੀ ਦੇਵ ਸਪੋਰਟਸ ਕਲੱਬ ਨੂੰ ‘ਦਿ ਟ੍ਰਿਬਿਊਨ ਪੰਜਾਬ ਅਚੀਵਰਜ਼ ਐਵਾਰਡ 2026’ ਨਾਲ ਸਨਮਾਨਿਤ ਕੀਤਾ| ਇਹ ਸਨਮਾਨ ਕਲੱਬ ਦੇ ਪ੍ਰਧਾਨ ਅਜਨੀਸ਼ ਕੁਮਾਰ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਹਾਸਿਲ ਕੀਤਾ| ਅਜਨੀਸ਼ ਕੁਮਾਰ ਨੇ ਇਸ ਮੌਕੇ ਕਲੱਬ ਦੀਆਂ ਸਮਾਜ ਸੇਵੀ ਤੇ ਖੇਡ ਗਤੀਵਿਧੀਆਂ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਲੱਬ ਨੇ ਜੋ ਅਹਿਦ ਲਏ ਸਨ ਅੱਜ ਤੱਕ ਨਿਭਾਏ ਜਾ ਰਹੇ ਹਨ, ਅਜਿਹੇ ਕਾਰਜਾਂ ’ਚ ਸਮੇਂ ਸਮੇਂ ਖੂਨਦਾਨ ਤੇ ਮੈਡੀਕਲ ਕੈਂਪ ਤੇ ਮੁਫ਼ਤ ਦਵਾਈਆਂ ਦੀ ਵੰਡ, ਨਸ਼ਿਆਂ ਖ਼ਿਲਾਫ਼ ਜਾਗਰੂਕ ਕੈਂਪ, ਖੇਡਾਂ ਦੇ ਵੱਖ ਵੱਖ ਕੈਂਪ, ਲੋੜਵੰਦਾਂ ਦੀ ਸਹਾਇਤਾ, ਵਾਤਾਵਰਨ ਤੇ ਹਰਿਆਵਲ ਨੂੰ ਹਲੂਣਾ ਦੇਣ ਲਈ ਛਾਂਦਾਰ ਤੇ ਫਲਦਾਰ ਪੌਦੇ ਲਾਉਣੇ, ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਵਰਦੀਆਂ ਪ੍ਰਦਾਨ ਕਰਨੀਆਂ, ਆਫ਼ਤਾਂ ਵੇਲੇ ਪੀੜਤਾਂ ਲਈ ਮਦਦ ਕਰਨੀ ਸਮੇਤ ਅਨੇਕਾਂ ਹੀ ਹੋਰ ਲੋਕ ਭਲਾਈ ਦੇ ਕਾਰਜ ਸ਼ਾਮਲ ਹਨ|
ਸਮਾਗਮ ਦੌਰਾਨ ਉਨ੍ਹਾਂ ਦਾ ਪੁੱਤਰ ਪ੍ਰਵੀਰ ਸਿੰਘ ਤੇ ਹੋਰ ਪਰਿਵਾਰਕ ਜੀਅ ਵੀ ਸ਼ਾਮਲ ਹੋਏ| ਜ਼ਿਕਰਯੋਗ ਹੈ ਕਿ ਸਮਾਜ ਸੇਵਾ ਤੇ ਖੇਡ ਗਤੀਵਿਧੀਆਂ ਵਿੱਚ ਰਿਖੀ ਦੇਵ ਸਪੋਰਟਸ ਕਲੱਬ, ਖੇੜੀ ਗੁੱਜਰਾਂ ਰੋਡ ਖੋਖਰ ਕੰਪਲੈਕਸ ਪਟਿਆਲਾ ਦਾ ਵੱਡਾ ਯੋਗਦਾਨ ਹੈ| ਪਟਿਆਲੇ ਦੀ ਇਸ ਨਾਮੀ ਸੰਸਥਾ ਦੀ ਅਗਵਾਈ ਬਤੌਰ ਪ੍ਰਧਾਨ ਵਜੋਂ ਅਜਨੀਸ਼ ਕੁਮਾਰ ਦੇ ਹੱਥ ਹੈ, ਜਿਹੜੇ ਕਿ ਨਾਲ ਹੀ ‘ਦੀ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਪਟਿਆਲਾ’ ਵਿੱਚ ਸੀਨੀਅਰ ਮੈਨੇਜਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ | ਇਸ ਤੋਂ ਇਲਾਵਾ ਅਜਨੀਸ਼ ਕੁਮਾਰ ਕੋਆਪਰੇਟਿਵ ਐਂਪਲਾਈਜ਼ ਯੂਨੀਅਨ ’ਚ ਵੀ ਲੰਮਾ ਸਮਾਂ ਪ੍ਰਧਾਨ ਅਤੇ ਹੋਰ ਅਹੁਦਿਆਂ ‘ਤੇ ਕਾਰਜ਼ਸ਼ੀਲ ਰਹੇ ਹਨ| ਅਜਿਹੇ ਰੁਝੇਵਿਆਂ ਦੇ ਨਾਲ ਕਲੱਬ ਪ੍ਰਤੀ ਵੀ ਸਮਰਪਿਤ ਹਨ| ਅਸਲ ’ਚ ਸਮੁੱਚੇ ਰਿਖੀ ਪਰਿਵਾਰ ਵੱਲੋਂ ਆਪਣੇ ਸਵਰਗੀ ਪਿਤਾ ਰਿਖੀ ਦੇਵ ਦੀ ਯਾਦ ਵਿੱਚ ਇਹ ਸੰਸਥਾ ਸਥਾਪਿਤ ਕੀਤੀ ਗਈ ਸੀ ਤਾਂ ਕਿ ਮਰਹੂਮ ਰਿਖੀ ਦੇਵ ਦੀ ਯਾਦ ਨੂੰ ਸਮਾਜ ਸੇਵਾ ਦੇ ਰੂਪ ਵਿੱਚ ਸਦਾ ਯਾਦਾਂ ਤੇ ਚੇਤਿਆਂ ਵਿੱਚ ਤਾਜ਼ਾ ਰੱਖਿਆ ਜਾ ਸਕੇ|

