air and water pollution: ਈਥਾਨੌਲ ਬਣਾਉਣ ਵਾਲੀ ਫੈਕਟਰੀ ਵਿਰੁੱਧ ਲਾਮਬੰਦੀ
ਹਵਾ-ਪਾਣੀ ਪ੍ਰਦੂਸ਼ਣ ਖ਼ਿਲਾਫ਼ ਰੋਸ; ਘਨੌਰੀ ਕਲਾਂ ’ਚ 41 ਮੈਂਬਰੀ ਕਮੇਟੀ ਕਾਇਮ
ਸ਼ੇਰਪੁਰ-ਧੂਰੀ ਸੜਕ ’ਤੇ ਸਥਿਤ ਈਥਾਨੌਲ ਬਣਾਉਣ ਵਾਲੀ ਫੈਕਟਰੀ ਵਿਰੁੱਧ ਹਵਾ ਪਾਣੀ ਪ੍ਰਦੂਸ਼ਨ ਦੇ ਮਾਮਲੇ ਨੂੰ ਲੈ ਕੇ ਪਿੰਡ-ਪਿੰਡ ਲੋਕ ਲਾਮਬੰਦੀ ਹੋਣੀ ਸ਼ੁਰੂ ਹੋ ਗਈ ਹੈ, ਜਿਸ ਦਾ ਪਿਛਲੇ ਦਿਨੀ ਪਿੰਡ ਜਹਾਂਗੀਰ ’ਚ ਲੋਕਾਂ ਨੇ ਅਹਿਦ ਕੀਤਾ ਸੀ।
ਬਲਾਕ ਸ਼ੇਰਪੁਰ ਦੇ ਪਿੰਡ ਘਨੌਰੀ ਕਲਾਂ ਵਿਖੇ ਤਿੰਨ ਦਰਜ਼ਨ ਤੋਂ ਵੱਧ ਲੋਕਾਂ ਦੀ ਇਕੱਤਰਤਾ ਹੋਈ, ਜਿੱਥੇ 41 ਮੈਂਬਰੀ ਕਮੇਟੀ ਕਾਇਮ ਕੀਤੀ ਗਈ। ਪਿੰਡ ਦੇ ਜਸਪਾਲ ਸਿੰਘ ਜੱਸਾ ਨੇ ਉਕਤ ਫੈਕਟਰੀ ਤੋਂ ਹਵਾ ਵਿੱਚ ਫੈਲਦੀ ਬਦਬੂ ਅਤੇ ਵਰਤੇ ਜਾ ਰਹੇ ਲੱਖਾਂ ਲਿਟਰ ਪਾਣੀ ਦੀ ਵਰਤੋਂ ਸਬੰਧੀ ਕਈ ਤਰ੍ਹਾਂ ਤੌਖਲੇ ਪ੍ਰਗਟ ਕੀਤੇ ਗਏ। ਨਵੀ ਕਮੇਟੀ ਦੇ ਪ੍ਰੈੱਸ ਸਕੱਤਰ ਪਵਨਪ੍ਰੀਤ ਸਿੰਘ ਘਨੌਰੀ ਨੇ ਦੱਸਿਆ ਕਿ ਮੋਹਰੀਆਂ ’ਚ ਸ਼ੁਮਾਰ ਪਰਗਟ ਸਿੰਘ, ਗੁਰਜਿੰਦਰ ਸਿੰਘ, ਜੀਵਨ ਸਿੰਘ, ਹਰਮੀਤ ਸਿੰਘ, ਗੁਰਮੁਖ ਸਿੰਘ, ਲਖਵੀਰ ਸਿੰਘ ਸਮੇਤ 41 ਮੈਂਬਰਾਂ ਦੇ ਨਾਮ ਲਿਖੇ ਗਏ ਹਨ। ਬੁਲਾਰਿਆ ਨੇ ਕਿਹਾ ਕਿ ਹਵਾ ਪਾਣੀ ਪ੍ਰਦੂਸ਼ਨ ਨਾਲ ਲਾ-ਇਲਾਜ ਬਿਮਾਰੀਆਂ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਤਿੱਖੇ ਸੰਘਰਸ਼ ਲਈ ਅੱਗੇ ਆਉਣਾ ਪਵੇਗਾ। ਜਸਪਾਲ ਸਿੰਘ ਜੱਸਾ ਨੇ ਦੱਸਿਆ ਕਿ ਛੇਤੀ ਹੀ ਬਲਾਕ ਸ਼ੇਰਪੁਰ ਦੇ ਬਹੁਤੇ ਪਿੰਡਾਂ ’ਚ ਕਮੇਟੀਆਂ ਬਣ ਜਾਣਗੀਆਂ ਜਿਸ ਮਗਰੋਂ ਲੋਕ ਅਗਲੀ ਰਣਨੀਤੀ ਤੈਅ ਕਰਨਗੇ। ਉਧਰ ਸਬੰਧਤ ਫੈਕਟਰੀ ਦੇ ਮੈਨੇਜਰ ਪਹਿਲਾਂ ਹੀ ਸਾਰੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਦਾਅਵਾ ਕਰ ਚੁੱਕੇ ਹਨ ਫੈਕਟਰੀ ਨਾਲ ਕੋਈ ਪ੍ਰਦੂਸ਼ਣ ਨਹੀਂ ਫੈਲ ਰਿਹਾ। ਇਸ ਸਬੰਧ ’ਚ ਪਿੰਡ ਘਨੌਰ ਕਲਾਂ ਦੇ ਸਰਪੰਚ ਜਸਵਿੰਦਰ ਸਿੰਘ, ਸਰਪੰਚ ਜਸਵੰਤ ਸਿੰਘ ਬਾਦਸ਼ਾਹਪੁਰ, ਯੂਥ ਆਗੂ ਮਨਪ੍ਰੀਤ ਸਿੰਘ ਤੇ ਹੋਰਨਾ ਨੇ ਵਫ਼ਦ ਦੇ ਰੂਪ ਵਿੱਚ ਐੱਸ ਡੀ ਐੱਮ ਧੂਰੀ ਨੂੰ ਮੰਗ ਪੱਤਰ ਸੌਂਪਿਆ। ਸਰਪੰਚ ਜਸਵਿੰਦਰ ਸਿੰਘ ਘਨੌਰ ਨੇ ਦੱਸਿਆ ਕਿ ਉਨ੍ਹਾਂ ਨੇ ਲੋਕਾਂ ਦੇ ਤੌਖਲਿਆਂ ਨੂੰ ਲੈ ਕੇ ਹਵਾ ਪਾਣੀ ਪ੍ਰਦੂਸ਼ਨ ਸਬੰਧੀ ਜਾਂਚ ਕਰਵਾਏ ਜਾਣ ਦੀ ਮੰਗ ਰੱਖੀ ਹੈ।

