ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਫ਼ੌਜ ਵਿੱਚ ਭਰਤੀ ਲਈ ਕੇਂਦਰ ਦੀ ਅਗਨੀਪੱਥ ਸਕੀਮ ਵਿਰੁੱਧ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਅਤੇ ਲੰਪੀ ਸਕਿਨ ਬਿਮਾਰੀ ਨਾਲ ਪਸ਼ੂਆਂ ਦੇ ਹੋਏ ਨੁਕਸਾਨ ਬਦਲੇ ਪ੍ਰਤੀ ਪਸ਼ੂ ਕਿਸਾਨ ਨੂੰ ਇੱਕ ਲੱਖ ਰੁਪਏ ਮੁਆਵਜ਼ਾ ਦੇਣ ਅਤੇ ਬਿਮਾਰੀ ਦੇ ਹਮਲੇ ਨੂੰ ਐਮਰਜੈਂਸੀ ਹਾਲਾਤ ਐਲਾਨਣ ਲਈ ਮੁੱਖ ਮੰਤਰੀ ਪੰਜਾਬ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪੇ ਗਏ।
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਭਾਕਿਯੂ ਡਕੌਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਮੰਗਤ ਰਾਮ ਲੌਂਗੋਵਾਲ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ ) ਦੇ ਨਿਰਮਲ ਸਿੰਘ ਬਟੜਿਆਣਾ, ਭਾਕਿਯੂ ਲੱਖੋਵਾਲ ਦੇ ਨਿਰਮਲ ਸਿੰਘ ਘਨੌਰ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਇੰਦਰਪਾਲ ਸਿੰਘ ਪੁੰਨਾਂਵਾਲ ਨੇ ਮੰਗ ਕੀਤੀ ਕਿ ਇਨ੍ਹਾਂ ਗ਼ੈਰ ਜਮਹੂਰੀ ਫ਼ੈਸਲਿਆਂ ਨੂੰ ਫੌਰੀ ਵਾਪਸ ਲਿਆ ਜਾਵੇ ਅਤੇ ਫ਼ੌਜ ਵਿੱਚ ਪੁਰਾਣੀ ਭਰਤੀ ਸਕੀਮ ਫੌਰਨ ਬਹਾਲ ਕੀਤੀ ਜਾਵੇ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਲੰਪੀ ਸਕਿਨ ਬਿਮਾਰੀ ਦੇ ਹਮਲੇ ਨੂੰ ਐਮਰਜੈਂਸੀ ਹਾਲਾਤ ਐਲਾਨਿਆ ਜਾਵੇ ਅਤੇ ਬਿਮਾਰ ਪਸ਼ੂਆਂ ਦਾ ਸਰਕਾਰੀ ਖਰਚੇ ਤੇ ਮੁਫ਼ਤ ਇਲਾਜ ਪਿੰਡ ਪੱਧਰੀ ਕੀਤਾ ਜਾਵੇ, ਮੁਰਦਾ ਪਸ਼ੂਆਂ ਨੂੰ ਪਹਿਲ ਦੇ ਆਧਾਰ ’ਤੇ ਦੱਬਣ ਲਈ ਪੰਚਾਇਤ ਅਤੇ ਪਸ਼ੂ ਪਾਲਣ ਵਿਭਾਗ ਰਾਹੀਂ ਪਿੰਡ ਪੱਧਰ ਤੱਕ ਢੁੱਕਵੀਂ ਵਿਵਸਥਾ ਦਾ ਪ੍ਰਬੰਧ ਕੀਤਾ ਜਾਵੇ ਅਤੇ ਪਸ਼ੂ ਮਾਲਕਾਂ ਨੂੰ ਪ੍ਰਤੀ ਮ੍ਰਿਤਕ ਪਸ਼ੂ ਇੱਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਨਰੰਜਣ ਸਿੰਘ ਸਫੀਪੁਰ, ਕੁਲਦੀਪ ਸਿੰਘ ਜੋਸ਼ੀ, ਨਾਜ਼ਮ ਸਿੰਘ ਪੁੰਨਾਂਵਾਲ ਤੇ ਸੁਖਦੇਵ ਸਿੰਘ ਉੱਭਾਵਾਲ ਸਮੇਤ ਵੱਡੀ ਗਿਣਤੀ ’ਚ ਕਿਸਾਨ ਆਗੂ ਹਾਜ਼ਰ ਸਨ।