ਕਣਕ ਮਗਰੋਂ ਤੂੜੀ ਉੱਤੇ ਵੀ ਮੌਸਮ ਦੀ ਮਾਰ ਪਈ
ਪਸ਼ੂ ਪਾਲਕਾਂ ਲਈ ਚਾਰੇ ਦਾ ਸੰਕਟ ਵਧਿਆ; ਫਸਲੀ ਬੀਮਾ ਯੋਜਨਾ ਲਾਗੂ ਕਰਨ ਦੀ ਮੰਗ
ਪੰਜਾਬ ਵਿੱਚ ਕਣਕ ਦੀ ਵਾਢੀ ਦਾ ਕੰਮ ਲਗਪਗ ਮੁਕੰਮਲ ਹੋਣ ਮਗਰੋਂ ਹੁਣ ਕਿਸਾਨ ਖੇਤਾਂ ਵਿੱਚ ਤੂੜੀ ਬਣਾਉਣ ਦੇ ਆਹਰ ਵਿੱਚ ਜੁਟੇ ਹੋਏ ਹਨ। ਇਸ ਵਾਰ ਬੇਮੌਸਮੀ ਮਾਰ ਨੇ ਜਿੱਥੇ ਕਣਕ ਦੇ ਝਾੜ ’ਤੇ ਅਸਰ ਪਾਇਆ ਹੈ, ਉੱਥੇ ਹੀ ਤੂੜੀ ਦੇ ਉਤਪਾਦਨ ਨੂੰ ਵੀ ਭਾਰੀ ਸੱਟ ਮਾਰੀ ਹੈ। ਪਿਛਲੇ ਸਾਲਾਂ ਦੌਰਾਨ ਇੱਕ ਏਕੜ ’ਚੋਂ ਚਾਰ ਟਰਾਲੀਆਂ ਤੂੜੀ ਆਸਾਨੀ ਨਾਲ ਨਿਕਲ ਆਉਂਦੀ ਸੀ, ਪਰ ਐਤਕੀਂ ਇਹ ਮਹਿਜ਼ ਡੇਢ ਤੋਂ ਦੋ ਟਰਾਲੀਆਂ ਤੱਕ ਸਿਮਟ ਕੇ ਰਹਿ ਗਈ ਹੈ।
ਉਤਪਾਦਨ ਘਟਣ ਕਾਰਨ ਤੂੜੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਬਾਜ਼ਾਰ ਵਿੱਚ ਤੂੜੀ ਦਾ ਭਾਅ 3500 ਰੁਪਏ ਪ੍ਰਤੀ ਟਰਾਲੀ ਜਾਂ 500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ। ਪਸ਼ੂ ਪਾਲਕ ਕਿਸਾਨ, ਜੋ ਪਹਿਲਾਂ ਵਾਧੂ ਤੂੜੀ ਵੇਚ ਕੇ ਮੁਨਾਫ਼ਾ ਕਮਾਉਂਦੇ ਸਨ, ਹੁਣ ਆਪਣੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਨ ਲਈ ਫ਼ਿਕਰਮੰਦ ਹਨ। ਲੌਂਗੋਵਾਲ ਦੇ ਕਿਸਾਨ ਕੁਲਵੰਤ ਸਿੰਘ ਦੁੱਲਟ ਅਨੁਸਾਰ ਤੂੜੀ ਦੀ ਬਦਰੰਗ ਹੋਈ ਗੁਣਵੱਤਾ ਕਾਰਨ ਪਸ਼ੂ ਇਸ ਨੂੰ ਖਾਣ ਵਿੱਚ ਵੀ ਆਨਾਕਾਨੀ ਕਰ ਰਹੇ ਹਨ, ਜਿਸ ਦਾ ਸਿੱਧਾ ਅਸਰ ਦੁੱਧ ਦੀ ਪੈਦਾਵਾਰ ’ਤੇ ਪੈ ਰਿਹਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਹੁਣ ਕਿਸਾਨਾਂ ਨੇ ਚਾਰੇ ਵਾਲੀ ਮੱਕੀ ਦੀ ਬਿਜਾਈ ਵੱਲ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਦਰਤੀ ਆਫ਼ਤਾਂ ਕਾਰਨ ਹੁੰਦੇ ਨੁਕਸਾਨ ਦੀ ਭਰਪਾਈ ਲਈ ਫ਼ਸਲੀ ਬੀਮਾ ਯੋਜਨਾ ਤੁਰੰਤ ਲਾਗੂ ਕੀਤੀ ਜਾਵੇ।

