ਬੀਰਬਲ ਰਿਸ਼ੀ
ਸ਼ੇਰਪੁਰ, 27 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਬਲਾਕ ਇਕਾਈ ਵੱਲੋਂ ਬੀਤੇ ਕੱਲ੍ਹ ਤੋਂ ਅਣਮਿੱਥੇ ਸਮੇਂ ਤੱਕ ਸ਼ੇਰਪੁਰ ਪੁਲੀਸ ਵਿਰੁੱਧ ਪਹਿਲਾਂ ਥਾਣੇ ਤੇ ਫਿਰ ਸ਼ੇਰਪੁਰ ਦੇ ਕਾਤਰੋਂ ਚੌਕ ਵਿੱਚ ਲਗਾਇਆ ਧਰਨਾ 30 ਘੰਟੇ ਮਗਰੋਂ ਸਮਾਪਤ ਹੋ ਗਿਆ। ਧਰਨੇ ਵਿੱਚ ਪੁੱਜ ਕੇ ਡੀਐੱਸਪੀ ਯੋਗੇਸ਼ ਸ਼ਰਮਾ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਜਿਸ ਮਗਰੋਂ ਧਰਨਾ ਚੁੱਕ ਲਿਆ ਗਿਆ। ਕਿਸਾਨਾਂ ਦੀ ਮੰਗ ਸੀ ਕਿ ਪਿੰਡ ਦੇ ਇੱਕ ਫੌਜੀ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਸ਼ੇਰਪੁਰ ’ਚ ਚਿੱਟੇ ਦੇ ਨਸ਼ੇ ਨੂੰ ਬੰਦ ਕਰਵਾਇਆ ਜਾਵੇ, ਈਨਾਬਾਜਵਾ ਵਾਸੀਆਂ ਦੇ ਕੇਸ ਵਾਪਸ ਲਏ ਜਾਣ, ਇਲਾਕੇ ’ਚ ਹੋਈਆਂ ਚੋਰੀਆਂ ‘ਤੇ ਠੋਸ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਸਮਸ਼ੇਰ ਸਿੰਘ ਈਸਾਪੁਰ, ਆਗੂ ਕਰਮਜੀਤ ਸਿੰਘ ਛੰਨਾ, ਹਰਭਜਨ ਸਿੰਘ ਅਲੀਪੁਰ, ਦਰਸ਼ਨ ਸਿੰਘ ਕਾਤਰੋਂ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ’ਤੇ ਪੁਲੀਸ ਦੀ ਲੰਬੇ ਸਮੇਂ ਤੋਂ ਚੁੱਪ ਸ਼ੱਕੀ ਹੈ। ਇਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਪੱਤਰਕਾਰਾਂ ਨੂੰ ਅਪਸ਼ਬਦ ਬੋਲਣ ’ਤੇ ਮੁਆਫ਼ੀ ਮੰਗੀ
ਇੱਕ ਕਿਸਾਨ ਬੁਲਾਰੇ ਵੱਲੋਂ ਪੱਤਰਕਾਰਾਂ ਵਿਰੁੱਧ ਬੋਲੇ ਅਪਸ਼ਬਦਾਂ ਦਾ ਜਦੋਂ ਪ੍ਰੈਸ ਕਲੱਬ ਦੇ ਆਗੂਆਂ ਨੇ ਵਿਰੋਧ ਕੀਤਾ ਤਾਂ ਬਲਾਕ ਸ਼ੇਰਪੁਰ ਦੇ ਆਗੂਆਂ ਨੇ ਉਸ ਬੁਲਾਰੇ ਦੀ ਝਾੜਝੰਬ ਕੀਤੀ। ਸਟੇਜ ਤੋਂ ਬਲਾਕ ਪ੍ਰਧਾਨ ਨੇ ਸਮੂਹ ਭਾਈਚਾਰੇ ਤੋਂ ਮੁਆਫ਼ੀ ਮੰਗੀ।