ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਮਈ
ਭਾਰਤ ਚੋਣ ਕਮਿਸ਼ਨ ਵੱਲੋਂ ਸੰਗਰੂਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਦੇ ਐਲਾਨ ਮਗਰੋਂ ਜ਼ਿਲ੍ਹਾ ਪ੍ਰਸ਼ਾਸ਼ਨ ਤਿਆਰੀਆਂ ’ਚ ਜੁਟ ਗਿਆ ਹੈ। ਅੱਜ ਚੋਣ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਪ੍ਰੈਸ ਮੀਟਿੰਗ ਦੌਰਾਨ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕੇ ’ਚ ਤਿੰਨ ਵੱਖ-ਵੱਖ ਜ਼ਿਲਿਆਂ ਦੇ 9 ਵਿਧਾਨ ਸਭਾ ਹਲਕੇ ਪੈਂਦੇ ਹਨ ਅਤੇ ਹਲਕੇ ਵਿੱਚ ਕੁੱਲ 15,66,390 ਵੋਟਰ ਹਨ। ਵੋਟਰਾਂ ਦੀ ਗਿਣਤੀ ਦੇ ਆਧਾਰ ’ਤੇ 1766 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਸ੍ਰੀ ਜੋਰਵਾਲ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸੰਗਰੂਰ ਅੰਦਰ ਜ਼ਿਲਾ ਕੰਟਰੋਲ ਰੂਮ ਸਥਾਪਤ ਕੀਤਾ ਜਾ ਚੁੱਕਾ ਹੈ, ਜੋ ਕਿ ਸਮੁੱਚੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ 24 ਘੰਟੇ ਕਾਰਜਸ਼ੀਲ ਰਹੇਗਾ ਅਤੇ ਜ਼ਿਲੇ ਦੇ ਲੋਕ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਕੋਈ ਵੀ ਸ਼ਿਕਾਇਤ ਇਸ ਕੰਟਰੋਲ ਰੂਮ ਉਤੇ ਦਰਜ ਕਰਵਾ ਸਕਦੇ ਹਨ ਜਾਂ ਵੋਟਾਂ ਸਬੰਧੀ ਕੋਈ ਵੀ ਜਾਣਕਾਰੀ ਕੰਟਰੋਲ ਰੂਮ ਨੰਬਰ 01672-230726 ਤੋਂ ਲੈ ਸਕਦੇ ਹਨ। ਇਸਦੇ ਨਾਲ ਹੀ ਵਟਸਐਪ ਨੰਬਰ 70096-24406 ਤੇ ਈ-ਮੇਲ ਆਈ.ਡੀ. sangrurcvigil0gmail.com ਤੇ etsan0punjab.gov.in’ਤੇ ਵੀ ਸ਼ਿਕਾਇਤ ਭੇਜੀ ਜਾ ਸਕਦੀ ਹੈ।
ਸੰਗਰੂਰ ਲੋਕ ਸਭਾ ਹਲਕੇ ਵਿੱਚ ਸੰਗਰੂਰ ਜ਼ਿਲੇ ਦੇ ਪੰਜ ਵਿਧਾਨ ਸਭਂਾ ਹਲਕਿਆਂ ’ਚ ਲਹਿਰਾ, ਦਿੜਬਾ, ਸੁਨਾਮ, ਧੂਰੀ ਤੇ ਸੰਗਰੂਰ, ਬਰਨਾਲਾ ਜ਼ਿਲ੍ਹੇ ਦੇ ਤਿੰਨ ਹਲਕਿਆਂ ’ਚ ਭਦੌੜ, ਬਰਨਾਲਾ ਤੇ ਮਹਿਲ ਕਲਾਂ ਜਦੋਂ ਕਿ ਜ਼ਿਲ੍ਹਾ ਮਲੇਰਕੋਟਲਾ ’ਚ ਮਲੇਰਕੋਟਲਾ ਹਲਕਾ ਹੀ ਸ਼ਾਮਲ ਹੈ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਚੋਣ ਜ਼ਾਬਤੇ ਦੀ ਉਲੰਘਣਾ ਰੋਕਣ ਤੇ ਨਿਰਪੱਖ ਜ਼ਿਮਨੀ ਚੋਣ ਕਰਵਾਉਣ ਦੇ ਮਕਸਦ ਨਾਲ ਸੰਗਰੂਰ ਲੋਕ ਸਭਾ ਹਲਕੇ ਦੇ ਹਰ ਵਿਧਾਨ ਸਭਾ ਹਲਕੇ ’ਚ ਸਹਾਇਕ ਖਰਚਾ ਅਬਜਰਵਰ ਦੀ ਇੱਕ ਟੀਮ, ਸੀ-ਵਿਜੀਲ ਐਪ ਲਈ 9 ਉੱਡਣ ਦਸਤੇ, 9 ਸਟੈਟਿਕ ਸਰਵੈਲੈਂਸ ਟੀਮਾਂ, 6 ਵੀਡਿਓ ਸਰਵੇਲੈਂਸ ਟੀਮਾਂ, ਇੱਕ ਟੀਮ ਵੀਡਿਓ ਵਾਚਣ ਲਈ ਤੇ ਇੱਕ ਟੀਮ ਅਕਾਉਟਿੰਗ ਲਈ ਤੈਨਾਤ ਕਰ ਦਿੱਤੀ ਗਈ ਹੈ।
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ 30 ਮਈ 2022 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਤੇ 6 ਜੂਨ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। 7 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ ਜਿਸ ਮਗਰੋਂ ਉਮੀਦਵਾਰ 9 ਜੂਨ ਤੱਕ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਵੋਟਾਂ 23 ਜੂਨ ਨੂੰ ਪੈਣਗੀਆਂ ਤੇ 26 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ।