ਸਨਅਤਾਂ ਨੂੰ ਸਾਜ਼ਗਾਰ ਮਾਹੌਲ ਦੇਣ ਲਈ ਪ੍ਰਸ਼ਾਸਨ ਵਚਨਬੱਧ: ਡੀ ਸੀ
ਅਧਿਕਾਰੀਆਂ ਨੇ ਇੰਡਸਟਰੀਅਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ
ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਸਨਅਤਾਂ ਨੂੰ ਸਾਜ਼ਗਾਰ ਮਾਹੌਲ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ। ਸਨਅਤਾਂ ਨੂੰ ਆਉਂਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਹ ਐੱਸ ਡੀ ਐੱਮ ਦਫ਼ਤਰ ਧੂਰੀ ਵਿੱਚ ਇੰਡਸਟਰੀਅਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਐੱਸ ਡੀ ਐੱਮ ਧੂਰੀ ਰਿਸ਼ਭ ਬਾਂਸਲ ਵੀ ਮੌਜੂਦ ਸਨ।
ਡੀ ਸੀ ਸ੍ਰੀ ਚਾਬਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੰਡਸਟਰੀ ਲਈ ਸਿੰਗਲ ਵਿੰਡੋ ਕਲੀਅਰੈਂਸ ਦੀ ਸਹੂਲਤ ਉਪਲਬਧ ਹੈ, ਜਿਸ ਸਦਕਾ ਇੰਡਸਟਰੀ ਲਈ ਲੋੜੀਂਦੀਆਂ ਪ੍ਰਵਾਨਗੀਆਂ ਇੱਕੋ ਸਥਾਨ ਤੋਂ ਪ੍ਰਾਪਤ ਕੀਤੀ ਜਾ ਸਕਦੀਆਂ ਹਨ। ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਪੁਲੀਸ ਵੱਲੋਂ ਉਦਯੋਗਿਕ ਖੇਤਰਾਂ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕਾਈਆਂ ਦੀ ਸੁਰੱਖਿਆ ਲਈ ਪੈਟਰੋਲਿੰਗ, ਤੁਰੰਤ ਪੁਲੀਸ ਸਹਾਇਤਾ ਅਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਮੀਟਿੰਗ ਦੌਰਾਨ ਐੱਸ ਡੀ ਐੱਮ ਰਿਸ਼ਭ ਬਾਂਸਲ ਨੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਸਬ-ਡਿਵੀਜ਼ਨ ਪੱਧਰ ’ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਇੰਡਸਟਰੀਅਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਉਦਯੋਗਿਕ ਇਕਾਈਆਂ ਨਾਲ ਸਬੰਧਤ ਬਿਜਲੀ, ਪਾਣੀ, ਸੜਕਾਂ, ਸੁਰੱਖਿਆ, ਟਰਾਂਸਪੋਰਟ ਤੇ ਮਜ਼ਦੂਰਾਂ ਸਬੰਧੀ ਮਸਲਿਆਂ ਸਮੇਤ ਹੋਰ ਪ੍ਰਸ਼ਾਸਨਿਕ ਮੁੱਦੇ ਰੱਖੇ ਗਏ। ਡੀ ਸੀ ਰਾਹੁਲ ਚਾਬਾ ਨੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਦਯੋਗਿਕ ਇਕਾਈਆਂ ਦੀਆਂ ਸਮੱਸਿਆਵਾਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਬਲਾਕ ਧੂਰੀ ਅਤੇ ਸੰਗਰੂਰ ਚੈਂਬਰ ਆਫ਼ ਕਾਮਰਸ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਨ ਲਈ ਧੰਨਵਾਦ ਕੀਤਾ। ਇਸ ਮੌਕੇ ਸੰਗਰੂਰ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਦਰਸ਼ਨ ਸਿੰਘ, ਸੈਕਟਰੀ ਅੰਮ੍ਰਿਤ ਗਰਗ, ਵਿੱਤ ਸੈਕਟਰੀ ਸੁਨੀਲ ਕੁਮਲ, ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਬਲਾਕ ਧੂਰੀ ਦੇ ਚੇਅਰਮੈਨ ਗੁਰਬਖਸ਼ ਸਿੰਘ ਗੁੱਡੂ, ਪ੍ਰਧਾਨ ਮੁਕੇਸ਼ ਕੁਮਾਰ ਸਿੰਗਲਾ, ਸੈਕਟਰੀ ਅਮਿਤ ਗੋਇਲ ਤੇ ਵਾਈਸ ਪ੍ਰਧਾਨ ਰਾਜੇਸ਼ ਸਿੰਗਲਾ ਸਮੇਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

