Abhiyaan Foundation launched Radio Saanjh 88.8 FM: ਸੰਗਰੂਰ ’ਚ ਰੇਡੀਓ ਸਾਂਝ 88.8 ਐੱਫ ਐੱਮ ਸ਼ੁਰੂ
ਅਭਿਆਨ ਫਾਊਂਡੇਸ਼ਨ ਦੀ ਪਹਿਲਕਦਮੀ
ਅਭਿਆਨ ਫਾਊਂਡੇਸ਼ਨ ਨੇ ਰੇਡੀਓ ਸਾਂਝ 88.8 ਐੱਫ ਐੱਮ, ਪੰਜਾਬ ਦੇ ਪਹਿਲੇ ਐੱਨ ਜੀ ਓ-ਕਮਿਊਨਿਟੀ ਰੇਡੀਓ ਸਟੇਸ਼ਨ ਦੀ ਸ਼ੁਰੂਆਤ ਅਕਾਲ ਕਾਲਜ ਆਫ਼ ਫ਼ਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿੱਚ ਕੀਤੀ। ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ ਮੁੱਖ ਮਹਿਮਾਨ ਅਦਾਕਾਰਾ ਸੰਦੀਪ ਕੌਰ ਸਿੱਧੂ ਅਤੇ ਫਿਲਮ ਪ੍ਰੋਡਿਊਸਰ ਜਤਿੰਦਰ ਚੌਹਾਨ ਵੱਲੋਂ ਕੀਤਾ ਗਿਆ ਜਦੋਂਕਿ ਪ੍ਰਧਾਨਗੀ ਜਸਵੰਤ ਸਿੰਘ ਖਹਿਰਾ ਸਕੱਤਰ, ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵੱਲੋਂ ਕੀਤੀ ਗਈ।
ਫਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਕਮਿਊਨਿਟੀ ਰੇਡੀਓ ਸਟੇਸ਼ਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤੋਂ ਮਨਜ਼ੂਰੀ ਪ੍ਰਾਪਤ ਕਰਨ ਤੋਂ ਬਾਅਦ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੇਡੀਓ ਸਾਂਝ 88.8 ਐੱਫ ਐੱਮ ਨੂੰ ਕਮਿਊਨਿਟੀ-ਆਧਾਰਿਤ ਮੰਚ ਵਜੋਂ ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਸਿੱਖਿਆ, ਸਿਹਤ, ਖੇਤੀ, ਮਹਿਲਾ ਸ਼ਕਤੀਕਰਨ, ਨੌਜਵਾਨਾਂ ਦਾ ਵਿਕਾਸ, ਹੁਨਰ ਵਿਕਾਸ, ਸਥਾਨਕ ਪ੍ਰਸ਼ਾਸਨ, ਪੇਂਡੂ ਰੋਜ਼ੀ-ਰੋਟੀ ਅਤੇ ਹੋਰ ਲੋਕ-ਹਿੱਤ ਦੇ ਵਿਸ਼ਿਆਂ ’ਤੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਣਗੇ। ਇਸ ਦੇ ਨਾਲ ਹੀ ਪੰਜਾਬੀ ਭਾਸ਼ਾ, ਸੱਭਿਆਚਾਰ, ਲੋਕ-ਪਰੰਪਰਾਵਾਂ ਅਤੇ ਸਥਾਨਕ ਪ੍ਰਤਿਭਾ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਇਸ ਮੌਕੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਅਭਿਆਨ ਫਾਊਂਡੇਸ਼ਨ ਨੂੰ ਭਰੋਸਾ ਦਿਵਾਇਆ ਕਿ ਅਕਾਲ ਕਾਲਜ ਕੌਂਸਲ ਵੱਲੋਂ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਕੌਂਸਲ ਮੈਂਬਰ ਗੁਰਜੰਟ ਸਿੰਘ ਦੁੱਗਾਂ, ਬਲਦੇਵ ਸਿੰਘ ਭੰਮਾਂਬੱਦੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਜਗਦੇਵ ਸਿੰਘ ਗਾਗਾ ਅਤੇ ਮਹਿਲਾ ਕਾਂਗਰਸੀ ਆਗੂ ਪ੍ਰਿਤਪਾਲ ਕੌਰ ਬਡਲਾ ਮੌਜੂਦ ਸਨ।

