AAP Trade Wing: ‘ਆਪ’ ਦੇ ਟਰੇਡ ਵਿੰਗ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਕੇਂਦਰ ਸਰਕਾਰ ਵੱਲੋਂ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦਾ ਗੰਭੀਰ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ (ਟਰੇਡ ਵਿੰਗ) ਵੱਲੋਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਪ੍ਰੀਤ ਸਿੰਘ ਧਮੌਲੀ ਅਤੇ ਸ਼ਹਿਰੀ ਪ੍ਰਧਾਨ ਵਿਨੋਦ ਸਿੰਗਲਾ ਦੀ ਅਗਵਾਈ ਹੇਠਾਂ ਅੱਜ ਇੱਥੇ ਫੁਹਾਰਾ ਚੌਕ ’ਤੇ...
ਕੇਂਦਰ ਸਰਕਾਰ ਵੱਲੋਂ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦਾ ਗੰਭੀਰ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ (ਟਰੇਡ ਵਿੰਗ) ਵੱਲੋਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਪ੍ਰੀਤ ਸਿੰਘ ਧਮੌਲੀ ਅਤੇ ਸ਼ਹਿਰੀ ਪ੍ਰਧਾਨ ਵਿਨੋਦ ਸਿੰਗਲਾ ਦੀ ਅਗਵਾਈ ਹੇਠਾਂ ਅੱਜ ਇੱਥੇ ਫੁਹਾਰਾ ਚੌਕ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਫੁਹਾਰਾ ਚੌਕ ਤੋਂ ਰਾਜਿੰਦਰਾ ਹਸਪਤਾਲ ਤੱਕ ਸਿਲੰਡਰ ਚੁੱਕ ਕੇ ਰੋਸ ਮਾਰਚ ਵੀ ਕੀਤਾ ਗਿਆ।
ਆਪ ਵਰਕਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਧਮੌਲੀ ਨੇ ਕੇਂਦਰ ਸਰਕਾਰ ’ਤੇ ਤਿੱਖੇ ਨਿਸ਼ਾਨੇ ਸੇਧੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਮ ਆਦਮੀ ਲਈ ਲਾਚਾਰ ਅਤੇ ਰਸੋਈ ਲਈ ਗੁਨਾਹਗਾਰ ਸਿੱਧ ਹੋਈ ਹੈ।
ਇਸ ਧਰਨੇ ’ਚ ਪੁੱਜੇ ‘ਆਪ’ ਦੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਤੇ ਸੂਬਾਈ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਮੇਅਰ ਕੁੰਦਨ ਗੋਗੀਆ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ ਨੇ ਵੀ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਵਪਾਰਕ ਐੱਲ ਪੀ ਜੀ ਸਿਲੰਡਰ ਦੇ ਰੇਟ ’ਚ 993 ਰੁਪਏ ਦਾ ਹੋਰ ਵਾਧਾ ਕੀਤਾ ਗਿਆ ਹੈ। ਪੱਛਮੀ ਏਸ਼ੀਆ ਸੰਕਟ ਕਰ ਕੇ ਆਲਮੀ ਪੱਧਰ ’ਤੇ ਊਰਜਾ ਕੀਮਤਾਂ ਵਿੱਚ ਵਾਧੇ ਮਗਰੋਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਲਗਾਤਾਰ ਤੀਜਾ ਵਾਧਾ ਹੈ।
ਪਟਿਆਲਾ ਦਿਹਾਤੀ ਹਲਕੇ ਦੇ ਪ੍ਰਧਾਨ ਚਰਨਜੀਤ ਸਿੰਘ ਐੱਸ ਕੇ, ਗੁਰਪ੍ਰੀਤ ਸਿੰਘ ਮੰਨਣ, ਭੁਪਿੰਦਰ ਕੌਸ਼ਲ ਨਾਭਾ, ਟਿੰਕੂ ਬਾਂਸਲ ਰਾਜਪੁਰਾ, ਪੁਨੀਤ ਬੁੱਧੀਰਾਜ ਪਟਿਆਲਾ ਸ਼ਹਿਰੀ, ਵੇਦ ਪ੍ਰਕਾਸ਼ ਗਰਗ ਸਨੌਰ, ਰਾਜੇਸ਼ ਛਾਬੜਾ ਸਮਾਣਾ, ਦੁਰਗਾ ਦਾਸ ਸਿੰਗਲਾ ਸ਼ੁਤਰਾਣਾ ਸਾਰੇ ਹਲਕਾ ਪ੍ਰਧਾਨ ਅਤੇ ਹਲਕਾ ਚੇਅਰਮੈਨ ਟਰੇਡ ਵਿੰਗ ਸਣੇ ਪ੍ਰਿੰਸ ਲਾਂਬਾ, ਸੁਮੀਤ ਟਕੇਜਾ, ਸੰਦੀਪ ਬੰਧੂ, ਕੀਰਤ ਸਿੰਘ ਸੇਹਰਾ, ਮਨੀਸ਼ ਸੂਦ ਨੇ ਵੀ ਇਸ ਵਾਧੇ ਲਈ ਕੇਂਦਰ ਸਕਰਾਰ ਨੂੰ ਕੋਸਿਆ।
ਕੇਂਦਰ ਤੋਂ ਵਾਧਾ ਵਾਪਸ ਲੈਣ ਦੀ ਮੰਗ ਕੀਤੀ
ਸੰਗਰੂਰ (ਗੁਰਦੀਪ ਸਿੰਘ ਲਾਲੀ): ਕੇਂਦਰ ਸਰਕਾਰ ਵੱਲੋਂ ਵਪਾਰਕ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਕੀਤੇ ਭਾਰੀ ਵਾਧੇ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸ਼ਹਿਰ ਵਿੱਚ ਸਿਲੰਡਰ ਹੱਥਾਂ ਵਿੱਚ ਚੁੱਕ ਕੇ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਦੇ ਟਰੇਡ ਵਿੰਗ ਨੇ ਸੜਕਾਂ ’ਤੇ ਉਤਰਦਿਆਂ ਕੇਂਦਰ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਵਧਦੀ ਮਹਿੰਗਾਈ ਨੇ ਆਮ ਆਦਮੀ ਦੀ ਕਮਰ ਤੋੜ ਦਿੱਤੀ ਹੈ ਅਤੇ ਸਰਕਾਰ ਇਸ ’ਤੇ ਕਾਬੂ ਪਾਉਣ ਵਿੱਚ ਨਾਕਾਮ ਰਹੀ ਹੈ। ਸ਼ਹਿਰ ਦੇ ਲਾਲਬੱਤੀ ਚੌਕ ਵਿੱਚ ‘ਆਪ’ ਦੇ ਟਰੇਡ ਵਿੰਗ ਦੀ ਅਗਵਾਈ ਹੇਠ ਵਰਕਰਾਂ ਨੇ ਹੱਥਾਂ ਵਿੱਚ ਪੰਜ-ਪੰਜ ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਚੁੱਕ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ‘ਆਪ’ ਨੇਤਾ ਰਾਜ ਕੁਮਾਰ ਅਤੇ ਸੁਖਵਿੰਦਰ ਸਿੰਘ ਸੁੱਖਾ ਨੇ ਕਿਹਾ ਕਿ ਇਹ ਫ਼ੈਸਲਾ ਆਮ ਲੋਕਾਂ ਦੀ ਜੇਬ ’ਤੇ ਸਿੱਧਾ ਡਾਕਾ ਹੈ। ਉਨ੍ਹਾਂ ਕਿਹਾ ਕਿ ਸਮੋਸੇ, ਬਰਗਰ ਆਦਿ ਖਾਦ ਪਦਾਰਥ ਵੀ ਹੁਣ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਕਿ ਚੋਣਾਂ ਸਮੇਂ ਲੋਕਾਂ ਨੂੰ ਲੁਭਾਉਣ ਲਈ ਵਾਅਦੇ ਕੀਤੇ ਜਾਂਦੇ ਹਨ, ਪਰ ਬਾਅਦ ਵਿੱਚ ਉਨ੍ਹਾਂ ਨੂੰ ਮਹਿੰਗਾਈ ਦੇ ਬੋਝ ਹੇਠ ਦਬਾ ਦਿੱਤਾ ਜਾਂਦਾ ਹੈ। ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ ਲਗਪਗ 993 ਰੁਪਏ ਦਾ ਵੱਡਾ ਵਾਧਾ ਕੀਤਾ ਗਿਆ ਹੈ। ਇਸ ਨਾਲ ਹੋਟਲ, ਢਾਬਾ ਅਤੇ ਰੈਸਤਰਾਂ ਕਾਰੋਬਾਰੀਆਂ ’ਤੇ ਸਿੱਧਾ ਅਸਰ ਪਵੇਗਾ। ਗੈਸ ਮਹਿੰਗੀ ਹੋਣ ਨਾਲ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਵਧਣਗੇ। ਇਸ ਦਾ ਸਿੱਧਾ ਬੋਝ ਆਮ ਲੋਕਾਂ ’ਤੇ ਪਵੇਗਾ। ਟਰੇਡ ਵਿੰਗ ਦੇ ਆਗੂਆਂ ਨੇ ਕਿਹਾ ਕਿ ਫੂਡ ਇੰਡਸਟਰੀ ਇਸ ਫ਼ੈਸਲੇ ਨਾਲ ਬਹੁਤ ਪ੍ਰਭਾਵਿਤ ਹੋਵੇਗੀ। ਗੈਸ ਮਹਿੰਗੀ ਹੋਵੇਗੀ ਤਾਂ ਉਤਪਾਦਾਂ ਦੀ ਕੀਮਤ ਵਧਾਉਣਾ ਮਜਬੂਰੀ ਬਣ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਇਸ ਵਾਧੇ ਨੂੰ ਵਾਪਸ ਲਵੇ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਜਲਦੀ ਹੀ ਇਸ ਫੈਸਲੇ ’ਤੇ ਮੁੜ ਵਿਚਾਰ ਨਾ ਕੀਤਾ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।

