DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Patiala District ਵਿੱਚ ‘ਆਪ’ ਦੋ ਥਾਈਂ ਸਪੱਸ਼ਟ ਬਹੁਮੱਤ ਤੋਂ ਖੁੰਝੀ

ਸਮਾਣਾ ਅਤੇ ਪਾਤੜਾਂ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣਨੇ ਤੈਅ

  • fb
  • twitter
  • whatsapp
  • whatsapp
featured-img featured-img
ਪਾਤੜਾਂ ਵਿੱਚ ਆਪ’ ਉਮੀਦਵਾਰਾਂ ਨਾਲ ਜੇਤੂ ਚਿੰਨ੍ਹ ਬਣਾਉਂਦੇ ਹੋਏ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ।
Advertisement

ਪਟਿਆਲਾ ਜ਼ਿਲ੍ਹੇ ਦੀਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੋ ਪ੍ਰਮੁੱਖ ਸ਼ਹਿਰਾਂ ਅੰਦਰ ਸਪੱਸ਼ਟ ਬਹੁਮਤ ਹਾਸਲ ਕਰਨ ਵਿੱਚ ਨਾਕਾਮ ਰਹੀ। ਭਾਵੇਂ ਸਮਾਣਾ ਦੇ 21 ਵਾਰਡਾਂ ’ਚੋਂ 13 ਅਤੇ ਪਾਤੜਾਂ ਦੇ 17 ’ਚੋਂ 10 ਵਾਰਡਾਂ ’ਤੇ ਜਿੱਤ ਦਰਜ ਕਰ ਕੇ ਪਾਰਟੀ ਨੇ ਇੱਥੇ ਆਪਣੇ ਪ੍ਰਧਾਨ ਬਣਾਉਣੇ ਯਕੀਨੀ ਕਰ ਲਏ ਹਨ, ਪਰ ਰਾਜਪੁਰਾ ਅਤੇ ਨਾਭਾ ਵਿੱਚ ਬਹੁਮੱਤ ਦਾ ਅੰਕੜਾ ਪਾਰ ਨਹੀਂ ਹੋ ਸਕਿਆ।

ਰਾਜਪੁਰਾ ਦੇ 31 ਮੈਂਬਰੀ ਸਦਨ ਵਿੱਚ ਬਹੁਮਤ ਲਈ 16 ਕੌਂਸਲਰਾਂ ਦੀ ਲੋੜ ਹੈ, ਪਰ ਇੱਥੇ ਆਮ ਆਦਮੀ ਪਾਰਟੀ ਸਿਰਫ 7 ਸੀਟਾਂ ਹੀ ਜਿੱਤ ਸਕੀ ਅਤੇ ਤੀਜੇ ਨੰਬਰ ’ਤੇ ਰਹੀ। ਇੱਥੇ ਕਾਂਗਰਸ ਅਤੇ ਭਾਜਪਾ ਨੇ 9-9 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਰਾਜਪੁਰਾ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਭਾਜਪਾ ਆਗੂ ਜਗਦੀਸ਼ ਜੱਗਾ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ।

Advertisement

ਦੂਜੇ ਪਾਸੇ ਨਾਭਾ ਦੇ 23 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ 11 ਸੀਟਾਂ ਜਿੱਤੀਆਂ ਹਨ, ਪਰ ਬਹੁਮਤ ਲਈ ਲੋੜੀਂਦੇ 12 ਦੇ ਅੰਕੜੇ ਤੋਂ ਉਹ ਇੱਕ ਕਦਮ ਦੂਰ ਰਹਿ ਗਈ। ਨਾਭਾ ਵਿੱਚ ਪ੍ਰਧਾਨਗੀ ਲਈ ਪਾਰਟੀ ਨੂੰ ਇੱਕ ਹੋਰ ਕੌਂਸਲਰ ਦੀ ਲੋੜ ਹੈ, ਉੱਥੇ ਰਾਜਪੁਰਾ ਵਿੱਚ ਬਹੁਮੱਤ ਲਈ 9 ਹੋਰ ਕੌਂਸਲਰ ਚਾਹੀਦੇ ਹਨ।

Advertisement

ਜੇ ਪੂਰੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ 41 ਜੇਤੂ ਉਮੀਦਵਾਰਾਂ ਨਾਲ ਆਮ ਆਦਮੀ ਪਾਰਟੀ ਪਹਿਲੇ, 20 ਸੀਟਾਂ ਨਾਲ ਕਾਂਗਰਸ ਦੂਜੇ, 16 ਨਾਲ ਭਾਜਪਾ ਤੀਜੇ ਅਤੇ 9 ਜੇਤੂਆਂ ਨਾਲ ਸ਼੍ਰੋਮਣੀ ਅਕਾਲੀ ਦਲ ਚੌਥੇ ਨੰਬਰ ਉੱਤੇ ਰਿਹਾ ਹੈ। ਭਾਜਪਾ ਤੋਂ ਪੱਛੜਨਾ ਅਕਾਲੀ ਦਲ ਲਈ ਚਿੰਤਾਜਨਕ ਹੈ। ਭਾਜਪਾ ਨੇ ਸਭ ਤੋਂ ਵੱਧ 9 ਸੀਟਾਂ ਰਾਜਪੁਰਾ, 3 ਨਾਭਾ ਅਤੇ 2-2 ਸੀਟਾਂ ਸਮਾਣਾ ਤੇ ਪਾਤੜਾਂ ਵਿੱਚ ਜਿੱਤੀਆਂ ਹਨ। ਅਕਾਲੀ ਦਲ ਨੂੰ ਰਾਜਪੁਰਾ ਵਿੱਚ 4, ਸਮਾਣਾ ਵਿੱਚ 3 ਅਤੇ ਨਾਭਾ ਵਿੱਚ 2 ਸੀਟਾਂ ਮਿਲੀਆਂ, ਜਦਕਿ ਪਾਤੜਾਂ ਵਿੱਚ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ।

ਪਾਤੜਾਂ ਵਿੱਚ 17 ’ਚੋਂ 10 ਵਾਰਡਾਂ ਵਿੱਚ ‘ਆਪ’ ਜੇਤੂ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਨਗਰ ਕੌਂਸਲ ਪਾਤੜਾਂ ਦੇ ਐਲਾਨੇ ਗਏ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਕੁੱਲ 17 ਵਾਰਡਾਂ ਵਿੱਚੋਂ ਪਾਰਟੀ ਦੇ 10 ਕੌਂਸਲਰ ਬਣੇ ਹਨ, ਜਿਨ੍ਹਾਂ ਵਿੱਚੋਂ 4 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਸਨ। ਸਰਕਾਰੀ ਕਿਰਤੀ ਕਾਲਜ ਨਿਆਲ ਵਿੱਚ ਹੋਈ ਵੋਟਾਂ ਦੀ ਗਿਣਤੀ ਦੌਰਾਨ ਐਲਾਨੇ ਗਏ 13 ਵਾਰਡਾਂ ਦੇ ਨਤੀਜਿਆਂ ਵਿੱਚੋਂ ‘ਆਪ’ ਨੇ ਛੇ, ਕਾਂਗਰਸ ਨੇ ਚਾਰ, ਭਾਜਪਾ ਨੇ ਦੋ ਅਤੇ ਇੱਕ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ। ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਅਬਜ਼ਰਵਰਾਂ ਦੀ ਹਾਜ਼ਰੀ ਵਿੱਚ ਐੱਸ ਡੀ ਐੱਮ ਪਾਤੜਾਂ ਕਮ ਚੋਣ ਅਧਿਕਾਰੀ ਕਾਲਾ ਰਾਮ ਕਾਂਸਲ ਨੇ ਜੇਤੂਆਂ ਨੂੰ ਸਰਟੀਫਿਕੇਟ ਵੰਡੇ। ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਐੱਸ ਪੀ ਪਲਵਿੰਦਰ ਸਿੰਘ ਚੀਮਾ, ਡੀ ਐੱਸ ਪੀ ਗੁਰਦੀਪ ਸਿੰਘ ਸੰਧੂ ਅਤੇ ਡੀ ਐੱਸ ਪੀ ਰਣਵੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਕੀਤੀ ਗਈ। ਬਿਨਾਂ ਮੁਕਾਬਲਾ ਜੇਤੂ ਰਹਿਣ ਵਾਲਿਆਂ ਵਿੱਚ ਵਾਰਡ 1 ਤੋਂ ਕੁਲਦੀਪ ਸਿੰਘ ਥਿੰਦ, ਵਾਰਡ 4 ਤੋਂ ਅੰਮ੍ਰਿਤਪਾਲ ਸਿੰਘ ਕਾਲੇਕਾ, ਵਾਰਡ 12 ਤੋਂ ਅਨੁਮਿੰਦਰ ਸਿੰਘ ਅਤੇ ਵਾਰਡ 17 ਤੋਂ ਰਾਜਵਿੰਦਰ ਕੌਰ ਸ਼ਾਮਲ ਹਨ। ਅੱਜ ਐਲਾਨੇ ਨਤੀਜਿਆਂ ਅਨੁਸਾਰ ਵਾਰਡ 2 ਤੋਂ ਕਾਂਗਰਸ ਦੇ ਅੰਮ੍ਰਿਤ ਅਨਮੋਲ ਓਮ ਸ਼ਾਂਤੀ, ਵਾਰਡ 3 ਤੋਂ ‘ਆਪ’ ਦੀ ਰੁਚੀ ਗਰਗ, ਵਾਰਡ 5 ਤੋਂ ‘ਆਪ’ ਦੀ ਪਰਮਜੀਤ ਕੌਰ ਬੰਦੇਸ਼ਾਂ ਅਤੇ ਵਾਰਡ 6 ਤੋਂ ਕਾਂਗਰਸ ਦੇ ਨਰਿੰਦਰ ਸਿੰਗਲਾ ਨੇ 652 ਵੋਟਾਂ ਦੇ ਵੱਡੇ ਫ਼ਰਕ ਨਾਲ ਰਿਕਾਰਡ ਜਿੱਤ ਹਾਸਲ ਕੀਤੀ। ਵਾਰਡ 7 ਤੋਂ ਆਜ਼ਾਦ ਉਮੀਦਵਾਰ ਪ੍ਰੇਮ ਲਤਾ, ਵਾਰਡ 8 ਤੋਂ ‘ਆਪ’ ਦੇ ਮਨਵੀਰ ਸਿੰਘ ਸੰਧੂ, ਵਾਰਡ 9 ਤੋਂ ਭਾਜਪਾ ਦੀ ਰਾਮ ਰਤੀ, ਵਾਰਡ 10 ਤੋਂ ਭਾਜਪਾ ਦੇ ਜਗਦੀਪ ਸ਼ਰਮਾ ਛੋਟੂ, ਵਾਰਡ 11 ਤੋਂ ‘ਆਪ’ ਦੀ ਮਿਨੀ ਅਰੋੜਾ, ਵਾਰਡ 13 ਤੋਂ ‘ਆਪ’ ਦੀ ਰੇਨੂ ਵਧਵਾ, ਵਾਰਡ 14 ਤੋਂ ਕਾਂਗਰਸ ਦੇ ਰਾਜ ਸਿੰਘ, ਵਾਰਡ 15 ਤੋਂ ‘ਆਪ’ ਦੀ ਪ੍ਰੀਤੀ ਜੈਨ ਅਤੇ ਵਾਰਡ 16 ਤੋਂ ਕਾਂਗਰਸ ਦੇ ਕ੍ਰਿਸ਼ਨ ਸਿੰਘ ਜੇਤੂ ਰਹੇ।

Advertisement
×