ਨਾਭਾ ’ਚ ‘ਆਪ’ ਨੂੰ ਨਾ ਮਿਲਿਆ ਬਹੁਮਤ
11 ਸੀਟਾਂ ਜਿੱਤੀਆਂ; ਕਾਂਗਰਸ ਨੂੰ 5, ਭਾਜਪਾ ਨੂੰ 3 ਤੇ ਅਕਾਲੀ ਦਲ ਨੂੰ 2 ਸੀਟਾਂ ਮਿਲੀਆਂ
ਨਾਭਾ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਕੌਂਸਲ ਦੇ ਕੁੱਲ 23 ਵਾਰਡਾਂ ’ਚੋਂ ਪਾਰਟੀ ਨੂੰ 11 ਸੀਟਾਂ ਮਿਲੀਆਂ ਹਨ ਅਤੇ ਉਹ ਬਹੁਮਤ ਦੇ ਅੰਕੜੇ ਤੋਂ ਮਹਿਜ਼ ਇੱਕ ਸੀਟ ਪਿੱਛੇ ਰਹਿ ਗਈ ਹੈ। ਚੋਣਾਂ ਵਿੱਚ ਕਾਂਗਰਸ ਨੂੰ 5, ਭਾਜਪਾ ਨੂੰ 3, ਸ਼੍ਰੋਮਣੀ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰਾਂ ਨੂੰ ਦੋ-ਦੋ ਸੀਟਾਂ ’ਤੇ ਜਿੱਤ ਹਾਸਲ ਹੋਈ ਹੈ।
ਵੋਟਾਂ ਦੀ ਗਿਣਤੀ ਦੌਰਾਨ ਵਾਰਡ ਨੰਬਰ 18 ਦਾ ਨਤੀਜਾ ਲੰਮਾ ਸਮਾਂ ਲਟਕਿਆ ਰਿਹਾ ਅਤੇ ਇਸ ਦੌਰਾਨ ਭਾਰੀ ਹੰਗਾਮਾ ਹੋਇਆ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਗਿਣਤੀ ਦੌਰਾਨ ਉਨ੍ਹਾਂ ਦਾ ਉਮੀਦਵਾਰ ਇੰਦਰਜੀਤ ਸਿੰਘ ਨੌਂ ਵੋਟਾਂ ਨਾਲ ਜੇਤੂ ਰਿਹਾ ਸੀ। ਪਰ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਪ੍ਰਸ਼ਾਸਨ ਨੇ ਵਾਰ ਵਾਰ ਗਿਣਤੀ ਕਰਵਾ ਕੇ ਅਤੇ ਜ਼ਬਰਦਸਤੀ ਕੁਝ ਵੋਟਾਂ ਰੱਦ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਊਧਮਦੀਪ ਸਿੰਘ ਨੂੰ ਜੇਤੂ ਐਲਾਨ ਦਿੱਤਾ। ਆਜ਼ਾਦ ਉਮੀਦਵਾਰ ਰਮੇਸ਼ ਕੁਮਾਰ ਨੇ ਵੀ ਦੋਸ਼ ਲਾਇਆ ਕਿ ਸਾਰੇ ਉਮੀਦਵਾਰਾਂ ਦੇ ਗਿਣਤੀ ਏਜੰਟਾਂ ਨੂੰ ਬਾਹਰ ਕੱਢ ਕੇ ਅੰਦਰ ਪ੍ਰਸ਼ਾਸਨ ਨੇ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਧੱਕੇਸ਼ਾਹੀ ਕੀਤੀ ਹੈ।
ਦੂਜੇ ਪਾਸੇ, ਨਾਭਾ ਦੇ ਐੱਸ ਡੀ ਐੱਮ ਅਤੇ ਰਿਟਰਨਿੰਗ ਅਫ਼ਸਰ ਏ ਪੀ ਐੱਸ ਸੋਮਲ ਨੇ ਦੋਸ਼ ਨਕਾਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਗਿਣਤੀ ਏਜੰਟ ਦੀ ਮੰਗ ’ਤੇ ਦੁਬਾਰਾ ਗਿਣਤੀ ਕਰਵਾਈ ਗਈ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 423 ਅਤੇ ਕਾਂਗਰਸ ਦੇ ਉਮੀਦਵਾਰ ਨੂੰ 413 ਵੋਟਾਂ ਮਿਲੀਆਂ। ਨਤੀਜੇ ਤੋਂ ਨਾਰਾਜ਼ ਕਾਂਗਰਸੀ ਵਰਕਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਸ ਫ਼ੈਸਲੇ ਵਿਰੁੱਧ ਅਦਾਲਤ ਵਿੱਚ ਜਾਣ ਦਾ ਐਲਾਨ ਕੀਤਾ ਹੈ।
ਟਰਾਲੀ ਚੋਰੀ ਦੇ ਦੋਸ਼ਾਂ ’ਚ ਘਿਰੇ ਪੰਕਜ ਪੱਪੂ ਦੀ ਪਤਨੀ 890 ਵੋਟਾਂ ਨਾਲ ਜੇਤੂ
ਨਾਭਾ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 22 ਦੀ ਚੋਣ ਹੈਰਾਨੀਜਨਕ ਰਹੀ। ਇਥੇ ਕਿਸਾਨਾਂ ਦੀ ਟਰਾਲੀ ਚੋਰੀ ਦੇ ਦੋਸ਼ਾਂ ਕਾਰਨ ਆਮ ਆਦਮੀ ਪਾਰਟੀ ਵੱਲੋਂ ਮੁਅੱਤਲ ਸਾਬਕਾ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ 890 ਵੋਟਾਂ ਤੋਂ ਜਿੱਤ ਪ੍ਰਾਪਤ ਕੀਤੀ, ਜਦਕਿ ‘ਆਪ’ ਉਮੀਦਵਾਰ ਨੂੰ ਸਿਰਫ 15 ਵੋਟਾਂ ਹੀ ਮਿਲੀਆਂ। ਇਹ ਦਿਲਚਸਪ ਰਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁਪਿੰਦਰ ਸਿੰਘ ਦੇ ਨਾਮਜ਼ਦਗੀ ਪੱਤਰ ਤੱਕ ਸੁਜਾਤਾ ਚਾਵਲਾ ਦੇ ਪਤੀ ਮੁਨੀਸ਼ ਕੁਮਾਰ ਉਰਫ ਪੰਕਜ ਪੱਪੂ ਵੱਲੋਂ ਹੀ ਪ੍ਰਪੋਜ਼ ਕੀਤੇ ਗਏ। ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਚੋਣਾਂ ਤੋਂ ਪਹਿਲਾਂ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸਾਰਾ ਸ਼ਹਿਰ ਕੂੜੇ ਵਿਚ ਡੁੱਬਿਆ ਹੋਇਆ ਸੀ ਉਸ ਸਮੇਂ ਪੰਕਜ ਪੱਪੂ ਆਪ ਰੋਜ਼ ਸਵੇਰੇ ਪੰਜ ਵਜੇ ਵਾਰਡ ਵਿਚੋਂ ਕੂੜਾ ਚੁੱਕ ਕੇ ਵਾਰਡ ਵਿਚ ਸਫਾਈ ਕਰ ਦਿੰਦਾ ਸੀ। ਪੱਪੂ ਨੇ ਦੱਸਿਆ ਕਿ ਉਸ ਨੇ ਕੂੜਾ ਚੁੱਕਣ ਲਈ 1.80 ਲੱਖ ਰੁਪਏ ਖਰਚ ਕੇ ਈ ਰਿਕਸ਼ਾ ਲਿਆਂਦੀ ਅਤੇ ਰੋਜ਼ ਸਵੇਰੇ ਹੀ ਲੱਗ ਕੇ ਹੜਤਾਲ ਦੌਰਾਨ ਵੀ ਆਪਣੇ ਵਾਰਡ ਨੂੰ ਸਾਫ ਸੁਥਰਾ ਰੱਖਿਆ। ਦੂਜੇ ਪਾਸੇ ‘ਆਪ’ ਉਮੀਦਵਾਰ ਭੁਪਿੰਦਰ ਸਿੰਘ ਨੇ ਵੀ ਮੰਨਿਆ ਕਿ ਉਸ ਨੂੰ ਪੰਕਜ ਪੱਪੂ ਨੇ ਹੀ ਚੋਣ ‘ਚ ਖੜ੍ਹਾ ਕੀਤਾ। 22 ਨੰਬਰ ਵਾਰਡ ਵਿਚ 1564 ਵੋਟਾਂ ਪੋਲ ਹੋਈਆਂ, ਜਿਸ ਵਿਚੋਂ 1169 ਵੋਟਾਂ ਸੁਜਾਤਾ ਚਾਵਲਾ ਨੂੰ ਪ੍ਰਾਪਤ ਹੋਈਆਂ ਅਤੇ ਕਾਂਗਰਸ ਉਮੀਦਵਾਰ ਡਿੰਪਲ ਨੂੰ 279 ਵੋਟਾਂ, ਭਾਜਪਾ ਉਮੀਦਵਾਰ ਅਮਨ ਕੌਸ਼ਲ ਨੂੰ 88 ਅਤੇ ਨੋਟਾ ਨੂੰ 13 ਵੋਟਾਂ ਪਾਈਆਂ। ਸ਼੍ਰੋਮਣੀ ਅਕਾਲੀ ਦਲ ਨੇ ਇਥੇ ਉਮੀਦਵਾਰ ਹੀ ਨਹੀਂ ਦਿੱਤਾ।

