ਸੁਨਾਮ ਵਿੱਚ ਆਮ ਆਦਮੀ ਪਾਰਟੀ ਦੀ ਇੱਕਪਾਸੜ ਜਿੱਤ
23 ’ਚੋਂ 19 ਵਾਰਡਾਂ ’ਤੇ ਕਬਜ਼ਾ; ਭਾਜਪਾ ਹਿੱਸੇ ਇੱਕ ਸੀਟ ਆਈ; ਕਾਂਗਰਸ ਅਤੇ ਅਕਾਲੀ ਦਲ ਦਾ ਖਾਤਾ ਵੀ ਨਹੀਂ ਖੁੱਲ੍ਹਿਆ
ਸੁਨਾਮ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਇੱਕਪਾਸੜ ਜਿੱਤ ਹਾਸਲ ਕੀਤੀ ਹੈ। ਸ਼ਹਿਰ ਦੇ ਕੁੱਲ 23 ਵਾਰਡਾਂ ਵਿੱਚੋਂ 19 ਸੀਟਾਂ ’ਤੇ ‘ਆਪ’ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਦੌਰਾਨ ਭਾਜਪਾ ਨੂੰ ਸਿਰਫ਼ ਇੱਕ ਸੀਟ ਮਿਲੀ, ਜਦਕਿ 3 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਚੋਣ ਜਿੱਤਣ ਵਿੱਚ ਕਾਮਯਾਬ ਰਹੇ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਚੋਣਾਂ ਵਿੱਚ ਆਪਣਾ ਖਾਤਾ ਖੋਲ੍ਹਣ ਲਈ ਵੀ ਤਰਸ ਗਏ। ਚੋਣ ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਆਸ਼ਾ ਬਜਾਜ, ਵਾਰਡ 2 ਤੋਂ ਗੁਰਤੇਜ ਸਿੰਘ, ਵਾਰਡ 3 ਤੋਂ ਚਰਨਜੀਤ ਕੌਰ, ਵਾਰਡ 4 ਤੋਂ ਰੁਪਿੰਦਰ ਸਿੰਘ, ਵਾਰਡ 5 ਤੋਂ ਚਰਨਜੀਤ ਕੌਰ, ਵਾਰਡ 6 ਤੋਂ ਵਰੁਨ ਮਦਾਨ, ਵਾਰਡ 7 ਤੋਂ ਜਸਵਿੰਦਰ ਕੌਰ, ਵਾਰਡ 8 ਤੋਂ ਸਨੀ ਕਾਂਸਲ ਅਤੇ ਵਾਰਡ 9 ਤੋਂ ਸ਼ਸ਼ੀਵਾਲਾ (ਸਾਰੇ ‘ਆਪ’ ਉਮੀਦਵਾਰ) ਜੇਤੂ ਰਹੇ। ਵਾਰਡ 10 ਤੋਂ ਆਜ਼ਾਦ ਉਮੀਦਵਾਰ ਰਜਿੰਦਰ ਕੌਰ ਨੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਵਾਰਡ 11 ਤੋਂ ਮੀਨਾ ਰਾਣੀ, ਵਾਰਡ 12 ਤੋਂ ਆਰਤੀ, ਵਾਰਡ 13 ਤੋਂ ਮੀਨਾ ਰਾਣੀ ਅਤੇ ਵਾਰਡ 14 ਤੋਂ ਕੁਲਵੀਰ ਸਿੰਘ (ਸਾਰੇ ‘ਆਪ’) ਜੇਤੂ ਰਹੇ, ਜਦਕਿ ਵਾਰਡ 15 ਤੋਂ ਆਜ਼ਾਦ ਉਮੀਦਵਾਰ ਮੀਨਾ ਰਾਣੀ ਨੇ ਬਾਜ਼ੀ ਮਾਰੀ। ਵਾਰਡ 16 ਤੋਂ ‘ਆਪ’ ਦੇ ਯਾਦਵਿੰਦਰ ਸਿੰਘ, ਵਾਰਡ 17 ਤੋਂ ਭਾਜਪਾ ਦੀ ਮੋਨਿਕਾ ਗੋਇਲ, ਵਾਰਡ 18 ਤੋਂ ‘ਆਪ’ ਦੇ ਸਨੀ ਕੁਮਾਰ ਅਤੇ ਵਾਰਡ 19 ਤੋਂ ‘ਆਪ’ ਦੀ ਸਰਬਜੀਤ ਕੌਰ ਨੇ ਜਿੱਤ ਦਰਜ ਕੀਤੀ।
ਵਾਰਡ 20 ਤੋਂ ‘ਆਪ’ ਦੇ ਆਕਾਸ਼ ਉਰਫ਼ ਮਾਹੀ ਮਹੰਤ ਜੇਤੂ ਰਹੇ, ਜਦਕਿ ਵਾਰਡ 21 ਤੋਂ ਆਜ਼ਾਦ ਉਮੀਦਵਾਰ ਕੰਚਨ ਬਾਲਾ ਨੇ ਜਿੱਤ ਹਾਸਲ ਕੀਤੀ। ਵਾਰਡ 22 ਤੋਂ ਮਨਪ੍ਰੀਤ ਬੰਸਲ ਅਤੇ ਵਾਰਡ 23 ਤੋਂ ਹਰਮੇਸ਼ ਸਿੰਘ (ਦੋਵੇਂ ‘ਆਪ’) ਨੇ ਆਪਣੀਆਂ ਸੀਟਾਂ ਜਿੱਤ ਕੇ ਪਾਰਟੀ ਦੀ ਇਸ ਹੂੰਝਾ ਫੇਰ ਜਿੱਤ ’ਚ ਹਿੱਸਾ ਪਾਇਆ।

