ਬਨਾਸਰ ਬਾਗ਼ ’ਚ ਦਿਵਿਆਂਗਾਂ ਲਈ ਬਣੇਗਾ ਪਾਰਕ
ਵਿਧਾਇਕਾ ਨੇ 138.75 ਲੱਖ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਇੱਥੇ ਇਤਿਹਾਸਕ ਬਨਾਸਰ ਬਾਗ਼ ਵਿੱਚ 138.75 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਅਤਿ-ਆਧੁਨਿਕ ਦਿਵਿਆਂਗ-ਅਨੁਕੂਲ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ, ਖ਼ਾਸ ਕਰ ਕੇ ਦਿਵਿਆਂਗ ਵਿਅਕਤੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਬਿਹਤਰ ਜਨਤਕ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਵਿਧਾਇਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਪਾਰਕ ਵਿੱਚ ਦਿਵਿਆਂਗਾਂ ਦੀ ਸਹੂਲਤ ਲਈ ਵਿਸ਼ੇਸ਼ ਰੈਂਪ, ਵੀਲ੍ਹਚੇਅਰ ਅਨੁਕੂਲ ਟਰੈਕ, ਟੈਕਟਾਈਲ ਪਾਥਵੇਅ ਅਤੇ ਦਿਵਿਆਂਗ-ਅਨੁਕੂਲ ਝੂਲੇ ਸਥਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਪਾਰਕ ਦੀ ਸੁੰਦਰਤਾ ਨੂੰ ਵਧਾਉਣ ਲਈ ਆਧੁਨਿਕ ਲੈਂਡਸਕੇਪਿੰਗ, ਹਰੇ-ਭਰੇ ਲਾਨ, ਬੈਠਣ ਲਈ ਆਧੁਨਿਕ ਬੈਂਚ ਅਤੇ ਉੱਚ ਪੱਧਰੀ ਲਾਈਟਿੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਵਿਧਾਇਕਾ ਨੇ ਕਿਹਾ ਕਿ ਇਹ ਪਾਰਕ ਦਿਵਿਆਂਗ ਵਿਅਕਤੀਆਂ ਦੇ ਨਾਲ-ਨਾਲ ਬਜ਼ੁਰਗਾਂ, ਬੱਚਿਆਂ ਅਤੇ ਹੋਰ ਸ਼ਹਿਰ ਵਾਸੀਆਂ ਲਈ ਵੀ ਖੋਲ੍ਹਿਆ ਜਾਵੇਗਾ। ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਵਿਸ਼ਵਾਸ ਦਿਵਾਇਆ ਕਿ ਇਸ ਪ੍ਰਾਜੈਕਟ ਦਾ ਨਿਰਮਾਣ ਕਾਰਜ ਮਿਆਰੀ ਮਾਪਦੰਡਾਂ ਤਹਿਤ ਤੈਅ ਸਮੇਂ ਵਿੱਚ ਨੇਪਰੇ ਚਾੜ੍ਹਿਆ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਜਲਦੀ ਤੋਂ ਜਲਦੀ ਇਸ ਦਾ ਲਾਭ ਮਿਲ ਸਕੇ। ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀ, ਕੌਂਸਲਰ, ‘ਆਪ’ ਆਗੂ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।

