ਪਟਿਆਲਾ ਦੇ ਹਰਪਾਲ ਟਿਵਾਣਾ ਸੈਂਟਰ ਆਫ ਪਰਫਾਰਮਿੰਗ ਆਰਟਸ ਵਿੱਚ ਪ੍ਰਸਿੱਧ ਨਾਟਕ ‘ਜਿਸ ਲਾਹੌਰ ਨਹੀਂ ਵੇਖਿਆ ਓ ਜੰਮਿਆ ਨਹੀਂ’ ਦੇ ਮੰਚਨ ਨਾਲ ਮਰਹੂਮ ਨਾਟਕਕਾਰ ਹਰਪਾਲ ਟਿਵਾਣਾ ਦੀ ਵਿਰਾਸਤ ਇੱਕ ਵਾਰ ਫਿਰ ਸੁਰਜੀਤ ਹੋ ਉੱਠੀ। ਇਸ ਮੌਕੇ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਪਦਮਸ੍ਰੀ ਨਿਰਮਲ ਰਿਸ਼ੀ ਸਮੇਤ ਹੋਰ ਨਾਮਵਰ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਅਸਗਰ ਵਜਾਹਤ ਦੀ ਲਿਖੀ ਇਸ ਕਹਾਣੀ ਦਾ ਕੇਂਦਰ ਬਿੰਦੂ 1947 ਦੀ ਵੰਡ ਤੋਂ ਬਾਅਦ ਲਾਹੌਰ ਵਿੱਚ ਰਹਿ ਗਈ ਇੱਕ ਹਿੰਦੂ ਔਰਤ ‘ਮਾਈ’ ਹੈ। ਲਖਨਊ ਤੋਂ ਆ ਕੇ ਉਸ ਦੇ ਘਰ ਵਿੱਚ ਰਹਿਣ ਵਾਲਾ ਇੱਕ ਮੁਸਲਿਮ ਪਰਿਵਾਰ ਸ਼ੁਰੂ ਵਿੱਚ ਉਸ ਨੂੰ ਲੈ ਕੇ ਝਿਜਕਦਾ ਹੈ, ਪਰ ਸਮਾਂ ਬੀਤਣ ਨਾਲ ਉਹ ਪਰਿਵਾਰ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ। ਨਾਟਕ ਦਾ ਸਭ ਤੋਂ ਭਾਵੁਕ ਪਲ ਉਹ ਹੁੰਦਾ ਹੈ ਜਦੋਂ ‘ਮਾਈ’ (ਨਿਰਮਲ ਰਿਸ਼ੀ) ਲਾਹੌਰ ਛੱਡ ਕੇ ਜਾਣ ਲੱਗਦੀ ਹੈ ਤਾਂ ਮੁਹੱਲੇ ਦੇ ਲੋਕ ਉਸ ਨੂੰ ਰੋਕ ਲੈਂਦੇ ਹਨ ਅਤੇ ਅੰਤਿਮ ਸਮੇਂ ਤੱਕ ਉਸ ਦਾ ਸਾਥ ਨਿਭਾਉਂਦੇ ਹਨ।
ਇਸ ਪ੍ਰਦਰਸ਼ਨ ਵਿੱਚ ਪਰਿਵਾਰ ਦੀ ਤੀਜੀ ਪੀੜ੍ਹੀ ਨੇ ਜ਼ਿੰਮੇਵਾਰੀ ਨੂੰ ਬਾਖ਼ੂਬੀ ਅੱਗੇ ਵਧਾਇਆ। ਮਰਹੂਮ ਹਰਪਾਲ ਟਿਵਾਣਾ ਦੇ ਦੋ ਪੋਤਰਿਆਂ ਅੰਗਦ ਟਿਵਾਣਾ ਅਤੇ ਯਸ਼ ਹਰਪਾਲ ਟਿਵਾਣਾ ਨੇ ਆਪਣੇ ਪਿਤਾ ਤੇ ਨਿਰਦੇਸ਼ਕ ਮਨਪਾਲ ਟਿਵਾਣਾ ਨਾਲ ਮਿਲ ਕੇ ਅਹਿਮ ਭੂਮਿਕਾਵਾਂ ਨਿਭਾਈਆਂ। ਨੌਜਵਾਨ ਕਲਾਕਾਰ ਯਸ਼ ਹਰਪਾਲ ਟਿਵਾਣਾ ਆਪਣੇ ਦਾਦਾ-ਦਾਦੀ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਅਦਾਕਾਰੀ ਦੀ ਅੱਗੇ ਦੀ ਸਿਖਲਾਈ ਲੈਣ ਜਾ ਰਹੇ ਹਨ। ਵਿਕਾਸ ਜੁਨੇਜਾ ਵੱਲੋਂ ਤਕਨੀਕੀ ਤੌਰ ’ਤੇ ਤਿਆਰ ਇਸ ਨਾਟਕ ਵਿੱਚ ਆਧੁਨਿਕ ਲਾਈਟਿੰਗ ਅਤੇ ਐੱਲ ਈ ਡੀ ਪ੍ਰੋਜੈਕਸ਼ਨ ਦੀ ਖ਼ੂਬਸੂਰਤ ਵਰਤੋਂ ਕੀਤੀ ਗਈ। ਇਸ ਮੌਕੇ ਸੁਖਵਿੰਦਰ ਸੋਹੀ, ਵਕੀਲਾ ਮਾਨ ਅਤੇ ਪ੍ਰੋਫੈਸਰ ਸੁਖਪਾਲ ਸਿੰਘ ਸਮੇਤ ਵੱਡੀ ਗਿਣਤੀ ਦਰਸ਼ਕ ਹਾਜ਼ਰ ਸਨ।

