ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਸਤੰਬਰ
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਸੂਬਾ ਭਰ ’ਚੋਂ ਪੁੱਜੇ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਦੀਆਂ ਕਥਿਤ ਵਾਅਦਾ ਖਿਲਾਫੀਆਂ ਅਤੇ ਮੁਲਾਜ਼ਮ ਸੰਘਰਸ਼ਾਂ ਨੂੰ ਦਬਾਉਣ ਲਈ ਲਾਗੂ ਕੀਤੇ ਐਸਮਾ ਕਾਨੂੰਨ ਵਿਰੁੱਧ ਇੱਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਨੇੜੇ ਕਰੀਬ ਦੋ ਘੰਟੇ ਆਵਾਜਾਈ ਠੱਪ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸੰਗਰੂਰ-ਧੂਰੀ ਰੋਡ ’ਤੇ ਓਵਰਬ੍ਰਿਜ ਹੇਠ ਰੋਸ ਰੈਲੀ ਕੀਤੀ ਗਈ।
ਸਾਂਝਾ ਫਰੰਟ ਵੱਲੋਂ 24 ਸਤੰਬਰ ਨੂੰ ਜਲੰਧਰ ਵਿਚ ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਮਲੋਟ ਵਿਚ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਕੋਠੀ ਦਾ ਘਿਰਾਓ ਕਰਕੇ ਰੋਸ ਮੁਜ਼ਾਹਰੇ ਕਰਨ ਅਤੇ 14 ਅਕਤੂਬਰ ਨੂੰ ਚੰਡੀਗੜ੍ਹ ਵਿਚ ਰਾਜ ਪੱਧਰੀ ਰੈਲੀ ਕਰਕੇ ਪੰਜਾਬ ਸਕੱਤਰੇਤ ਵੱਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ। ਸਾਂਝਾ ਫਰੰਟ ਦੇ ਸੂਬਾਈ ਆਗੂਆਂ ਭਜਨ ਸਿੰਘ ਗਿੱਲ, ਰਣਜੀਤ ਰਾਣਵਾਂ, ਗਗਨਦੀਪ ਬਠਿੰਡਾ, ਹਰਦੀਪ ਟੋਡਰਪੁਰ, ਸੁਖਵਿੰਦਰ ਸਿੰਘ ਚਾਹਲ, ਧਨਵੰਤ ਸਿੰਘ ਭੱਠਲ, ਹਰਭਜਨ ਸਿੰਘ ਪਿਲਖਣੀ, ਗੁਰਜੰਟ ਸਿੰਘ ਵਾਲੀਆ, ਜਗਦੀਸ਼ ਸ਼ਰਮਾ, ਰਾਜ ਕੁਮਾਰ ਅਰੋੜਾ, ਰਾਧੇ ਸ਼ਿਆਮ ਅਤੇ ਸਰਬਜੀਤ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪੰਜਾਬ ਦੇ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਗਈ ਹੈ। ਇਹ ਸਰਕਾਰ ਵਾਰ-ਵਾਰ ਮੀਟਿੰਗਾਂ ਤੈਅ ਕਰਕੇ ਮੀਟਿੰਗਾਂ ਕਰਨ ਤੋਂ ਭੱਜ ਰਹੀ ਹੈ। ਸਰਕਾਰ ਵੱਲੋਂ ਹਾਲੇ ਤੱਕ ਇੱਕ ਵੀ ਮੰਗ ਦਾ ਨਬਿੇੜਾ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਮੰਗ ਕੀਤੀ ਕਿ ਸਮੂਹ ਵਿਭਾਗਾਂ ਦੇ ਕੱਚੇ, ਠੇਕਾ ਅਤੇ ਆਊਟ ਸੋਰਸ ਮੁਲਾਜ਼ਮਾਂ ਤੇ ਸਕੀਮ
ਵਰਕਰਾਂ ਨੂੰ ਬਿਨਾ ਸ਼ਰਤ ਪੱਕਾ ਕੀਤਾ ਜਾਵੇ ਤੇ ਹੋਰ ਮੰਗਾਂ ਮੰਨੀਆਂ ਜਾਣ। ਪ੍ਰਸ਼ਾਸਨ ਵੱਲੋਂ 29 ਸਤੰਬਰ ਨੂੰ ਚੰਡੀਗੜ੍ਹ ਵਿਚ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਤੈਅ ਕਰਵਾਈ ਗਈ।