ਸਰਬਜੀਤ ਸਿੰਘ ਭੰਗੂ/ਗੁਰਦੀਪ ਸਿੰਘ ਲਾਲੀ
ਪਟਿਆਲਾ/ਸੰਗਰੂਰ, 9 ਜੁਲਾਈ
ਪਟਿਆਲਾ ਜ਼ਿਲ੍ਹੇ ਵਿੱਚ ਅੱਜ 48 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦੋਂਕਿ ਸੰਗਰੂਰ ਵਿੱਚ ਕਰੋਨਾ ਨਾਲ 17ਵੀਂ ਮੌਤ ਹੋ ਗਈ। ਪਟਿਆਲਾ ਵਿੱਚ ਸਾਹਮਣੇ ਆਏ ਕੇਸਾਂ ਵਿੱਚੋਂ 3 ਦੂਜੇ ਜ਼ਿਲ੍ਹਿਆਂ ਜਦੋਂਕਿ 35 ਪਟਿਆਲਾ ਸ਼ਹਿਰ ਨਾਲ ਸਬੰਧਤ ਹਨ। ਤਿੰਨ ਸਮਾਣਾ, ਇਕ ਰਾਜਪੁਰਾ ਅਤੇ 6 ਵੱਖ-ਵੱਖ ਪਿੰਡਾਂ ਤੋਂ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ 485 ਹੋ ਗਈ ਹੈ। ਇਨ੍ਹਾਂ ਵਿੱਚ ਚਾਰ ਗਰਭਵਤੀ ਔਰਤਾਂ ਵੀ ਸ਼ਾਮਲ ਹਨ। ਪਟਿਆਲਾ ਵਿੱਚ ਅੱਜ ਪਾਜ਼ੇਟਿਵ ਆਏ ਪੰਤਾਲੀ ਮਰੀਜ਼ਾਂ ਵਿੱਚੋਂ ਨਗਰ ਨਿਗਮ ਨਾਲ ਸਬੰਧਤ ਇੱਕ ਅਧਿਕਾਰੀ ਵੀ ਮੌਜੂਦ ਹੈ। ਲਿਹਾਜ਼ਾ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਨਗਰ ਨਿਗਮ ਦਫਤਰ ਸੀਲ ਕਰ ਦਿੱਤਾ ਹੈ। ਦਫ਼ਤਰ ਨੂੰ ਨਿਰਧਾਰਤ ਨੇਮਾਂ ਮੁਤਾਬਕ ਸੈਨੇਟਾਈਜ਼ ਕਰਨ ਤੇ ਹੋਰ ਮੱਦਾਂ ਦੀ ਪੂਰਤੀ ਮਗਰੋਂ ਹੀ ਖੋਲ੍ਹਿਆ ਜਾਵੇਗਾ। ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਾਰਨ ਵਾਲਾ ਪਰਦੀਪ ਕੁਮਾਰ ਅਹਿਮਦਗੜ੍ਹ ਦਾ ਵਸਨੀਕ ਹੈ। ਉਹ ਬਲੱਡ ਪ੍ਰੈਸ਼ਰ ਅਤੇ ਸਾਹ ਦੀ ਤਕਲੀਫ ਤੋਂ ਪੀੜਤ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਓਸਵਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ, ਜਿੱਥੇ ਉਸ ਦੀ ਮੌਤ ਹੋ ਗਈ।