ਚਾਰ ਕੌਂਸਲਾਂ ਲਈ 419 ਉਮੀਦਵਾਰ ਮੈਦਾਨ ’ਚ
ਸੰਗਰੂਰ ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲਾਂ, ਸੁਨਾਮ, ਧੂਰੀ, ਭਵਾਨੀਗੜ੍ਹ ਅਤੇ ਲੌਂਗੋਵਾਲ ਵਿੱਚ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ 239 ਉਮੀਦਵਾਰਾਂ ਵਲੋਂ ਕਾਗਜ਼ ਭਰੇ ਗਏ ਜਿਸ ਮਗਰੋਂ ਨਾਮਜ਼ਦਗੀ ਦਾਖਲ ਕਰਨ ਵਾਲਿਆਂ ਦੀ ਕੁੱਲ ਗਿਣਤੀ 419 ਹੋ...
ਸੰਗਰੂਰ ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲਾਂ, ਸੁਨਾਮ, ਧੂਰੀ, ਭਵਾਨੀਗੜ੍ਹ ਅਤੇ ਲੌਂਗੋਵਾਲ ਵਿੱਚ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ 239 ਉਮੀਦਵਾਰਾਂ ਵਲੋਂ ਕਾਗਜ਼ ਭਰੇ ਗਏ ਜਿਸ ਮਗਰੋਂ ਨਾਮਜ਼ਦਗੀ ਦਾਖਲ ਕਰਨ ਵਾਲਿਆਂ ਦੀ ਕੁੱਲ ਗਿਣਤੀ 419 ਹੋ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਤੇ ਵਧੀਕ ਜ਼ਿਲ੍ਹਾ ਚੋਣ ਅਫਸਰ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਅੱਜ ਨਾਮਜ਼ਦਗੀ ਦਾਖਲ ਕਰਨ ਲਈ ਆਖ਼ਰੀ ਦਿਨ ਸੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸੁਨਾਮ ਦੇ 23 ਵਾਰਡਾਂ ਲਈ ਕੁੱਲ 146 ਉਮੀਦਵਾਰਾਂ ਵਲੋਂ ਆਪਣੇ ਕਾਗਜ਼ ਭਰੇ ਹਨ। ਨਗਰ ਕੌਂਸਲ ਧੂਰੀ ਦੇ 21 ਵਾਰਡਾਂ ਲਈ ਕੁੱਲ 117 ਉਮੀਦਵਾਰਾਂ, ਨਗਰ ਕੌਂਸਲ ਭਵਾਨੀਗੜ੍ਹ ਦੇ 15 ਵਾਰਡਾਂ ਲਈ ਕੁੱਲ 94 ਉਮੀਦਵਾਰਾਂ ਵਲੋਂ ਅਤੇ ਨਗਰ ਕੌਂਸਲ ਲੌਂਗੋਵਾਲ ਦੇ 15 ਵਾਰਡਾਂ ਲਈ 62 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਜ਼ਿਲ੍ਹੇ ਵਿਚ ਇਨ੍ਹਾਂ ਚਾਰ ਨਗਰ ਕੌਂਸਲਾਂ ਦੇ 74 ਵਾਰਡਾਂ ਲਈ 419 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਵੇਗੀ ਜਦੋਂ ਕਿ 19 ਮਈ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਦੂਜੇ ਪਾਸੇ ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਵਿਭਾਗ ਦੇ ਵਧੀਕ ਸਕੱਤਰ ਕਮਲ ਕੁਮਾਰ ਗਰਗ ਨੂੰ ਜ਼ਿਲ੍ਹਾ ਸੰਗਰੂਰ ਲਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਵਾਰਡ 18 ਤੋਂ ਕੋਮਲ ਮਹੰਤ ਨੇ ਨਾਮਜ਼ਦਗੀ ਭਰੀ
ਸਮਾਣਾ (ਸੁਭਾਸ਼ ਚੰਦਰ): ਇੱਥੇ ਵਾਰਡ ਨੰਬਰ 18 ਤੋਂ ਕਿੰਨਰ ਸਮਾਜ ਦੀ ਜਾਣੀ-ਪਛਾਣੀ ਸ਼ਖਸੀਅਤ ਕੋਮਲ ਮਹੰਤ ਨੇ ਬਤੌਰ ਆਜ਼ਾਦ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਕੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਕੋਮਲ ਮਹੰਤ ਨੇ ਕਿਹਾ ਕਿ ਜੇ ਵਾਰਡ ਵਾਸੀ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦੇ ਕੇ ਜੇਤੂ ਬਣਾਉਂਦੇ ਹਨ ਤਾਂ ਉਹ ਸਰਕਾਰੀ ਗ੍ਰਾਂਟ ਤੋਂ ਇਲਾਵਾ ਆਪਣੀ ਤਰਫੋਂ ਹਰ ਸਾਲ ਲਗਪਗ ਛੇ ਲੱਖ ਰੁਪਏ ਵਾਰਡ ਦੇ ਵਿਕਾਸ ’ਤੇ ਖਰਚ ਕਰਨਗੇ। ਉਨ੍ਹਾਂ ਨੇ ਵਾਰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿੱਤਾ ਜਾਵੇ ਤਾਂ ਜੋ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰ ਸਕੇ।
ਰਾਜਪੁਰਾ: 31 ਵਾਰਡਾਂ ਤੋਂ 187 ਉਮੀਦਵਾਰਾਂ ਨੇ ਕਾਗਜ਼ ਭਰੇ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਰਾਜਪੁਰਾ ਨਗਰ ਕੌਂਸਲ ਦੀਆਂ 31 ਵਾਰਡਾਂ ਲਈ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਨਾਮਜ਼ਦਗੀਆਂ ਦੇ ਆਖਰੀ ਦਿਨ ਤੱਕ ਕੁੱਲ 187 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ। ਚੋਣ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੇ 31-31 ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ 25 ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਸਿਰਫ਼ 5 ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ, ਜਦਕਿ 64 ਆਜ਼ਾਦ ਉਮੀਦਵਾਰਾਂ ਨੇ ਵੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ ਹੈ।
ਅਪਨੀਤ ਰਿਆਤ ਨੂੰ ਜਨਰਲ ਆਬਜ਼ਰਵਰ ਨਿਯੁਕਤ ਕੀਤਾ
ਪਟਿਆਲਾ (ਖੇਤਰੀ ਪ੍ਰਤੀਨਿਧ): ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲਾਂ ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ ਦੀਆਂ 26 ਮਈ ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਈ ਏ ਐੱਸ ਅਧਿਕਾਰੀ ਅਪਨੀਤ ਰਿਆਤ ਨੂੰ ਜਨਰਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਨੇ ਅੱਜ ਪਟਿਆਲਾ ਵਿੱਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਮਾਨ ਨਾਲ ਬੈਠਕ ਕਰਕੇ ਚੋਣਾਂ ਬਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਵੋਟਰਾਂ ਲਈ ਨੋਡਲ ਅਫ਼ਸਰ ਦੇ ਮੋਬਾਈਲ ਨੰਬਰ 98557-45036 ਜਾਰੀ ਕੀਤੇ ਹਨ।

