3704 Teacher Union Punjab: ਸਤੌਜ ਜਾ ਰਹੇ ਅਧਿਆਪਕਾਂ ਤੇ ਪੁਲੀਸ ਵਿਚਕਾਰ ਖਿੱਚ-ਧੂਹ
3704 ਅਧਿਆਪਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਜੱਦੀ ਪਿੰਡ ਸਤੌਜ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ ਨੂੰ ਵੱਡੀ ਤਾਦਾਦ ’ਚ ਤਾਇਨਾਤ ਪੁਲੀਸ ਨੇ ਰਸਤੇ ਵਿੱਚ ਹੀ ਰੋਕ ਲਿਆ। ਅੱਗੇ ਵਧਣ ਦੀ ਕੋਸ਼ਿਸ਼...
3704 ਅਧਿਆਪਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਜੱਦੀ ਪਿੰਡ ਸਤੌਜ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ ਨੂੰ ਵੱਡੀ ਤਾਦਾਦ ’ਚ ਤਾਇਨਾਤ ਪੁਲੀਸ ਨੇ ਰਸਤੇ ਵਿੱਚ ਹੀ ਰੋਕ ਲਿਆ। ਅੱਗੇ ਵਧਣ ਦੀ ਕੋਸ਼ਿਸ਼ ਦੌਰਾਨ ਅਧਿਆਪਕਾਂ ਦੀ ਪੁਲੀਸ ਨਾਲ ਖਿੱਚ-ਧੂਹ ਵੀ ਹੋਈ ਪਰ ਪੁਲੀਸ ਨੇ ਅੱਗੇ ਨਹੀਂ ਜਾਣ ਦਿੱਤਾ। ਅਧਿਆਪਕਾਂ ਵੱਲੋਂ ਪਿੰਡ ਬੀਰਕਲਾਂ ਤੋਂ ਸਤੌਜ ਲਿੰਕ ਸੜਕ ’ਤੇ ਰੋਕੇ ਜਾਣ ’ਤੇ ਧਰਨਾ ਲਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਅੱਜ ਅਧਿਆਪਕ ਪਿੰਡ ਬੀਰਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਜਿੱਥੋਂ 3704 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਫਾਜ਼ਿਲਕਾ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ਬੀਰਕਲਾਂ ਤੋਂ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵੱਲ ਮਾਰਚ ਸ਼ੁਰੂ ਕਰ ਦਿੱਤਾ। ਜਿਉਂ ਹੀ ਨਾਅਰੇਬਾਜ਼ੀ ਕਰਦਿਆਂ ਅਧਿਆਪਕ ਲਿੰਕ ਸੜਕ ’ਤੇ ਰਜਵਾਹੇ ਦੇ ਪੁਲ ਨੇੜੇ ਪੁੱਜੇ ਤਾਂ ਪਹਿਲਾਂ ਹੀ ਤੋਂ ਸਖਤ ਬੈਰੀਕੇਡ ਲਾ ਕੇ ਵੱਡੀ ਤਾਦਾਦ ’ਚ ਖੜ੍ਹੀ ਪੁਲੀਸ ਨੇ ਅਧਿਆਪਕਾਂ ਨੂੰ ਰੋਕ ਲਿਆ। ਇਸ ਮੌਕੇ ਅਧਿਆਪਕਾਂ ਅਤੇ ਪੁਲੀਸ ਵਿਚਕਾਰ ਖਿੱਚ-ਧੂਹ ਹੀ ਹੋਈ ਅਤੇ ਅਧਿਆਪਕਾਂ ਨੇ ਜਬਰੀ ਅੱਗੇ ਜਾਣ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਰੋਕਣ ’ਤੇ ਅਧਿਆਪਕਾਂ ਨੇ ਸੜਕ ਉੱਪਰ ਹੀ ਧਰਨਾ ਲਾ ਦਿੱਤਾ। ਧਰਨੇ ਨੂੰ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਫਾਜ਼ਿਲਕਾ, ਜਗਜੀਵਨਜੋਤ ਸਿੰਘ, ਯਾਦਵਿੰਦਰ ਸਿੰਘ, ਬਲਵੰਤ ਸਿੰਘ, ਵਿਕਰਮ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਸੂਬਾ ਪ੍ਰਧਾਨ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਡੀ ਏ ਦਾ ਬਕਾਇਆ, ਪੰਜਾਬ ਤਨਖਾਹ ਸਕੇਲ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਮੰਗਾਂ ਪੂਰੀਆਂ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ। ਠੇਕੇ ’ਤੇ ਭਰਤੀ ਅਧਿਆਪਕਾਂ ਨੂੰ ਵੀ ਪੂਰੇ ਤਨਖਾਹ ਸਕੇਲ ਨਹੀਂ ਦਿੱਤੇ ਜਾ ਰਹੇ, ਜਿਸ ਕਾਰਨ ਅਧਿਆਪਕ ਵਰਗ ਵਿੱਚ ਭਾਰੀ ਰੋਸ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਯੂਨੀਅਨ ਨੂੰ ਕੈਬਨਿਟ ਸਬ ਕਮੇਟੀ ਨਾਲ 13 ਅਗਸਤ 2026 ਦੀ ਮੀਟਿੰਗ ਨਿਸ਼ਚਿਤ ਕਰਵਾਈ ਗਈ, ਜਿਸ ਮਗਰੋਂ ਧਰਨਾ ਸਮਾਪਤ ਹੋਇਆ।

