Drug Crackdown: ‘ਕਾਸੋ’ ਤਹਿਤ 25 ਹੌਟਸਪੌਟ ਖੇਤਰਾਂ ਦੀ ਤਲਾਸ਼ੀ
ਅਪਰੇਸ਼ਨ ਦੌਰਾਨ 36 ਗ੍ਰਾਮ ਹੈਰੋਇਨ ਬਰਾਮਦ, 25 ਖ਼ਿਲਾਫ਼ ਕੇਸ ਦਰਜ, 34 ਜਣੇ ਗ੍ਰਿਫ਼ਤਾਰ
ਪੰਜਾਬ ’ਚ ਨਸ਼ਿਆਂ ਵਿਰੁੱਧ ਮੁਹਿੰਤ ਤਹਿਤ ਪਟਿਆਲਾ ਪੁਲੀਸ ਵੱਲੋਂ ਸ਼ਹਿਰ ਅਤੇ ਜ਼ਿਲ੍ਹੇ ਵਿੱਚ 25 ਹੌਟਸਪੌਟ ਇਲਾਕਿਆਂ ਵਿੱਚ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਕਾਸੋ (ਕਾਰਡਨ ਐਂਡ ਸਰਚ ਅਪਰੇਸ਼ਨ) ਮੁਹਿੰਮ ਤਹਿਤ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲੀਸ ਵੱਲੋਂ ਅਪਰੇਸ਼ਨ ਦੌਰਾਨ 25 ਐੱਫ਼ ਆਈ ਆਰ ਦਰਜ ਕਰਕੇ 34 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਹੀ 36 ਗ੍ਰਾਮ ਹੈਰੋਇਨ, 180 ਨਸ਼ੀਲੀਆ ਗੋਲੀਆਂ ਅਤੇ 3 ਕਿਲੋਗ੍ਰਾਮ ਗਾਂਜਾ ਵੀ ਬਰਾਮਦ ਕੀਤਾ ਗਿਆ।
ਇਸ ਅਪਰੇਸ਼ਨ ਦੀ ਅਗਵਾਈ ਡੀ ਆਈ ਜੀ ਪਟਿਆਲਾ ਰੇਂਜ ਕੁਲਦੀਪ ਚਾਹਲ ਅਤੇ ਐੱਸ ਐੱਸ ਪੀ ਪਟਿਆਲਾ ਹਰਮਨਦੀਪ ਸਿੰਘ ਹਾਂਸ ਨੇ ਖ਼ੁਦ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤਹਿਤ ਪਟਿਆਲਾ ਪੁਲੀਸ ਵੱਲੋਂ ਅੱਜ ਜ਼ਿਲ੍ਹੇ ਭਰ ਦੇ 25 ਹੌਟਸਪੌਟਸ ’ਚ ਕਾਸੋ ਅਪਰੇਸ਼ਨ ਚਲਾਇਆਗਿਆ। ਇਸ ਦੌਰਾਨ ਸ਼ੱਕੀ ਖੇਤਰਾਂ ਦੀ ਘੇਰਾਬੰਦੀ ਤੇ ਨਾਕੇਬੰਦੀ ਵਰਗਾ ਮਾਹੌਲ ਵੇਖਣ ਨੂੰ ਮਿਲਿਆ। ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਟੀਮਾਂ ਨੇ ਵੱਖ-ਵੱਖ ਸ਼ੱਕੀ ਥਾਵਾਂ, ਪੀਜੀ, ਹੋਟਲਾਂ ਅਤੇ ਉਨ੍ਹਾਂ ਥਾਵਾਂ ਦੀ ਤਲਾਸ਼ੀ ਲਈ, ਜਿੱਥੇ ਨਸ਼ਿਆਂ ਦੀ ਖਰੀਦ-ਫਰੋਖ਼ਤ ਹੋਣ ਦਾ ਖ਼ਦਸ਼ਾ ਸੀ। ਪਟਿਆਲਾ ਸ਼ਹਿਰ ਇਸ ਅਪਰੇਸ਼ਨ ਦਾ ਕੇਂਦ ਬਿੰਦੂ ਰੇਲਵੇ ਕਾਲੋਨੀ ਦੇ ਇਰਦ ਗਿਰਦ ਸੀ, ਤੇ ਇਸ ਖੇਤਰ ‘ਚ ਉੱਚ ਅਧਿਕਾਰੀ ਵੀ ਪੁੱਜੇ। ਸਵੇਰ ਵੇਲੇ ਆਰੰਭ ਹੋਇਆ ਇਹ ਅਪਰੇਸ਼ਨ ਕਈ ਘੰਟੇ ਚੱਲਿਆ।
ਨਸ਼ਿਆਂ ਦੇ ਖ਼ਾਤਮੇ ਲਈ ਸੰਗਰੂਰ ਪੁਲੀਸ ਵਚਨਬੱਧ: ਐਸ ਐੱਸ ਪੀ
ਸੰਗਰੂਰ (ਨਿਜੀ ਪੱਤਰ ਪ੍ਰੇਰਕ): ਸੰਗਰੂਰ ਪੁਲੀਸ ਵੱਲੋਂ ਨਸ਼ਿਆਂ ਨਾਲ ਜੁੜੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਡਰੱਗ ਹਾਟਸਪਾਟਸ ਅਤੇ ਹੋਰ ਸ਼ੱਕੀ ਤੇ ਸੰਵੇਦਨਸ਼ੀਲ ਥਾਵਾਂ ’ਤੇ ਪੁਲੀਸ ਟੀਮਾਂ ਵੱਲੋਂ ਚੈਕਿੰਗ ਅਤੇ ਤਲਾਸ਼ੀ ਕੀਤੀ ਗਈ। ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੁਲੀਸ ਫੋਰਸ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਸੰਵੇਦਨਸ਼ੀਲ ਥਾਵਾਂ ਦੀ ਤਲਾਸ਼ੀ ਲਈ ਗਈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਅਤੇ ਲੋਕਾਂ ਦੀ ਸੁਰੱਖਿਆ ਸੰਗਰੂਰ ਪੁਲੀਸ ਦੀਆਂ ਮੁੱਖ ਤਰਜੀਹਾਂ ਹਨ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲੀਸ ਦੀ ਸਰਗਰਮ ਮੌਜੂਦਗੀ ਅਤੇ ਅਜਿਹੀਆਂ ਤਲਾਸ਼ੀ ਮੁਹਿੰਮਾਂ ਰਾਹੀਂ ਨਸ਼ਿਆਂ ਨਾਲ ਜੁੜੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਨਸ਼ਿਆਂ ਦੇ ਖ਼ਾਤਮੇ ਲਈ ਚੌਕਸੀ ਅਤੇ ਕਾਨੂੰਨ ਅਨੁਸਾਰ ਕਾਰਵਾਈ ਜਾਰੀ ਰੱਖੀ ਜਾਵੇਗੀ।

