ਕਾਲੀਆ ਦੇ 2150 ਏਕੜ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ: ਗੋਇਲ
ਪੰਜਾਬ ਦੇ ਜਲ ਸਰੋਤ, ਮਾਈਨਿੰਗ, ਭੂਮੀ ਅਤੇ ਜਲ ਸੰਭਾਲ ਵਿਭਾਗਾਂ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਕਾਲੀਆ ਦੇ 2150 ਏਕੜ ਵਾਧੂ ਰਕਬੇ ਨੂੰ ਜਲਦ ਹੀ ਨਹਿਰੀ ਪਾਣੀ ਦੀ ਸਹੂਲਤ ਮਿਲਣ ਲੱਗੇਗੀ। ਇਸ ਪ੍ਰਾਜੈਕਟ ਦਾ ਸ੍ਰੀ ਗੋਇਲ ਨੇ ਪਿੰਡ ਕਾਲੀਆ ਵਿੱਚ ਨੀਂਹ ਪੱਥਰ ਰੱਖਿਆ। ਇਹ ਪ੍ਰਾਜੈਕਟ ਡੇਢ ਮਹੀਨੇ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ’ਤੇ 2 ਕਰੋੜ 15 ਲੱਖ 77 ਹਜ਼ਾਰ ਰੁਪਏ ਖਰਚ ਹੋਣਗੇ। ਕੈਬਨਿਟ ਮੰਤਰੀ ਸ੍ਰੀ ਗੋਇਲ ਨੇ ਕਿਹਾ ਕਿ ਪਹਿਲਾਂ ਪਿੰਡ ਕਾਲੀਆ ਦੇ ਖੇਤਾਂ ਨੂੰ ਨਹਿਰੀ ਪਾਣੀ ਨਾਮਾਤਰ ਹੀ ਮਿਲਦਾ ਸੀ। ਇਸ ਪ੍ਰਾਜੈਕਟ ਚਾਲੂ ਹੋਣ ਮਗਰੋਂ ਪਿੰਡ ਦੇ ਹਰ ਖੇਤ ਨੂੰ ਪਾਣੀ ਮਿਲੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਖੇਤ ਨੂੰ ਨਹਿਰੀ ਪਾਣੀ ਨਾਲ ਜੋੜਨ ਦਾ ਕੰਮ ਪੂਰੇ ਜ਼ੋਰਾਂ ਉਤੇ ਚੱਲ ਰਿਹਾ ਹੈ। ਸੂਬੇ ਵਿੱਚ ਜਿਹੜਾ ਨਹਿਰੀ ਪਾਣੀ ਪਹਿਲਾਂ ਸਿਰਫ਼ 21 ਫੀਸਦੀ ਵਰਤਿਆ ਜਾਂਦਾ ਸੀ, ਹੁਣ 64 ਫੀਸਦੀ ਪਾਣੀ ਇਕੱਲੇ ਖੇਤਾਂ ਨੂੰ ਹੀ ਮਿਲਣ ਲੱਗਾ ਹੈ। ਇਸ ਕੰਮ ਲਈ ਜਿੱਥੇ ਪੰਜਾਬ ਸਰਕਾਰ ਨੇ ਪਿਛਲੇ ਸਾਲ 3354 ਕਰੋੜ ਖਰਚੇ ਸੀ ਹੁਣ ਇਸ ਸਾਲ ਇਸ ਤੋਂ ਵੀ ਵੱਧ ਖਰਚ ਰਹੇ ਹਾਂ।
ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੋਹਾ ਰਜਵਾਹਾ ਦੀ ਬੁਰਜੀ 5283/ਖੱਬਾ ਤੋਂ ਨਿਕਲਦੀ ਮਾਈਨਰ ਨੰਬਰ 1 ਜਿਸ ਦੀ ਕੁੱਲ ਲੰਬਾਈ 9750 ਫੁੱਟ ਹੈ, ਇਸ ਮਾਈਨਰ ਦੀ ਕੰਕਰੀਟ ਲਾਈਨਿੰਗ ਨਾਲ ਮੁੜ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ’ਤੇ 1.05 ਕਰੋੜ ਰੁਪਏ ਦਾ ਖਰਚਾ ਆਵੇਗਾ। ਮਾਈਨਰ ਦੀ ਪੁਰਾਣੀ ਲਾਈਨਿੰਗ ਨੂੰ ਲਗਪਗ 35 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ, ਜਿਸ ਕਰਕੇ ਲਾਈਨਿੰਗ ਥੋਥੀ ਅਤੇ ਕਮਜ਼ੋਰ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਮਾਈਨਰ ਨੰਬਰ-1 ’ਤੇ ਮੌਜੂਦ ਮੋਘਾ ਬੁਰਜੀ 5940/ਖੱਬਾ ਦੇ ਚੱਕ ਵਿਚ ਪਏ ਕੱਚੇ ਖਾਲ ਨੂੰ 54.92 ਲੱਖ ਰੁਪਏ ਨਾਲ ਇੱਟਾਂ ਨਾਲ ਪੱਕਾ ਕਰਨ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ।
