‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 117 ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 787 ਗ੍ਰਾਮ ਹੈਰੋਇਨ, 205 ਗ੍ਰਾਮ ਅਫ਼ੀਮ, 93 ਕਿਲੋ ਭੁੱਕੀ ਅਤੇ 1835 ਨਸ਼ੀਲੀਆਂ ਗੋਲੀਆਂ ਬਰਾਮਦ
ਸੰਗਰੂਰ ਜ਼ਿਲ੍ਹਾ ਪੁਲੀਸ ਵੱਲੋਂ ਜਨਵਰੀ ਮਹੀਨੇ ਦੌਰਾਨ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡਰੱਗ ਦੇ 82 ਕੇਸ ਦਰਜ ਕਰ ਕੇ 117 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ 787 ਗ੍ਰਾਮ ਹੈਰੋਇਨ, 205 ਗ੍ਰਾਮ ਅਫ਼ੀਮ, 93 ਕਿਲੋ ਭੁੱਕੀ, 688 ਗ੍ਰਾਮ ਸੁਲਫ਼ਾ, 31 ਨਸ਼ੀਲੇ ਟੀਕੇ ਅਤੇ 1835 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ 25 ਕੇਸ ਦਰਜ ਕਰ ਕੇ 26 ਮੁਲਜ਼ਮਾਂ ਨੂੰ ਕਾਬੂ ਕਰ ਕੇ 504.500 ਲਿਟਰ ਸ਼ਰਾਬ ਠੇਕਾ ਦੇਸੀ, 125.250 ਲਿਟਰ ਸ਼ਰਾਬ ਨਾਜਾਇਜ਼, 26.250 ਲਿਟਰ ਸ਼ਰਾਬ ਅੰਗਰੇਜ਼ੀ ਅਤੇ 170 ਲਿਟਰ ਲਾਹਣ ਬਰਾਮਦ ਕਰਵਾਈ ਗਈ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਅਸਲਾ ਐਕਟ ਤਹਿਤ ਦੋ ਕੇਸ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਤਿੰਨ ਪਿਸਤੌਲ ਅਤੇ ਤਿੰਨ ਕਾਰਤੂਸ ਬਰਾਮਦ ਹੋਏ ਹਨ। ਜੂਆ ਐਕਟ ਤਹਿਤ 13 ਕੇਸ ਦਰਜ ਕਰ ਕੇ 49 ਮੁਲਜ਼ਮ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ 7,99,980 ਰੁਪਏ ਬਰਾਮਦ ਕਰਵਾਏ ਗਏ ਹਨ। ਇਸ ਅਰਸੇ ਦੌਰਾਨ 25 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਿੰਨ ਕਤਲ ਕੇਸ ਟਰੇਸ ਕੀਤੇ ਗਏ ਹਨ, ਜਿਸ ਵਿੱਚ ਕੈਨੇਡਾ ਵਿੱਚ ਲੜਕੀ ਦਾ ਕਤਲ ਕਰ ਕੇ ਫ਼ਰਾਰ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਥਾਣਾ ਸਦਰ ਧੂਰੀ ਖੇਤਰ ਵਿੱਚ ਹੋਏ ਕਤਲ ਨੂੰ ਟਰੇਸ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਥਾਣਾ ਦਿੜ੍ਹਬਾ ਦੇ ਏਰੀਆ ਵਿੱਚ ਹੋਇਆ ਦੂਹਰਾ ਅੰਨ੍ਹਾ ਕਤਲ ਕੇਸ ਟਰੇਸ ਕ ਰਕੇ ਸਕੇ ਭਰਾ ਵੱਲੋਂ ਆਪਣੀ ਮਾਂ ਅਤੇ ਭੈਣ ਦਾ ਕਤਲ ਕਰਨ ਸਬੰਧੀ ਰਚੀ ਗਈ ਸਾਜਿਸ਼ ਦਾ ਪਰਦਾਫਾਸ਼ ਕੀਤਾ ਗਿਆ ਤੇ ਕਥਿਤ ਦੋਸ਼ੀ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਧਰਮਗੜ੍ਹ, ਲੌਂਗੋਵਾਲ ਅਤੇ ਮੂਨਕ ਦੇ ਏਰੀਆ ਵਿੱਚ ਚੋਰੀਆਂ ਕਰਨ ਵਾਲੇ 6 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ 1 ਕੁਇੰਟਲ 64 ਕਿਲੋ ਕਣਕ, 83 ਕਿਲੋ ਤਾਰਾਂ, 1 ਮੋਟਰਸਾਈਕਲ ਤੇ ਇੱਕ ਥਾਰ ਬਰਾਮਦ ਕਰਵਾਈ ਗਈ। ਸੰਗਰੂਰ ਪ੍ਰਸ਼ਾਸਨ ਵੱਲੋਂ 2 ਨਸ਼ਾ ਤਸਕਰਾਂ ਵੱਲੋਂ ਨਸ਼ਾ ਤਸਕਰੀ ਕਰ ਕੇ ਪਿੰਡ ਹਰਿਆਊ ਵਿੱਚ ਬਣਾਈ ਗ਼ੈਰ-ਕਾਨੂੰਨੀ ਪ੍ਰਾਪਰਟੀ ਢਾਹ ਦਿੱਤੀ ਗਈ। ਥਾਣਾ ਖਨੌਰੀ ਅਤੇ ਲਹਿਰਾ ਦੇ ਏਰੀਆ ਵਿੱਚ ਚੋਰੀਆਂ/ਲੁੱਟਾਂ-ਖੋਹਾਂ ਕਰਨ ਵਾਲੇ ਪੰਜ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ 4 ਕਿਲੋਗ੍ਰਾਮ ਤਾਂਬਾ, 290 ਕਿਲੋਗ੍ਰਾਮ ਕਣਕ, 37 ਕਿਲੋਗ੍ਰਾਮ ਚਾਵਲ ਅਤੇ 1 ਸੋਨੇ ਦੀ ਬਾਲੀ ਬਰਾਮਦ ਕਰਵਾਈ ਗਈ।

