ਸੰਗਰੂਰ ਦੇ 11 ਵਿਦਿਆਰਥੀਆਂ ਨੇ ਮੈਰਿਟ ’ਚ ਥਾਂ ਬਣਾਈ
ਸਰਕਾਰੀ ਸੈਕੰਡਰੀ ਸਕੂਲ ਲਹਿਲ ਕਲਾਂ ਦੀ ਗੁਰਮੀਤ ਕੌਰ ਜ਼ਿਲ੍ਹੇ ’ਚੋਂ ਮੋਹਰੀ; ਸਰਕਾਰੀ ਸਕੂਲ ਡੂਡੀਆਂ ਆਂ ਦਾ ਸੁਰਿੰਦਰ ਸਿੰਘ ਦੂਜੇ ਅਤੇ ਸੁਨਾਮ ਸਕੂਲ ਦਾ ਜਸਪ੍ਰੀਤ ਸਿੰਘ ਤੀਜੇ ਸਥਾਨ ’ਤੇ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਕਲਾਸ ਦੇ ਐਲਾਨੇ ਨਤੀਜੇ ਦੀ ਮੈਰਿਟ ਸੂਚੀ ਵਿਚ 9 ਕੁੜੀਆਂ ਅਤੇ 2 ਮੁੰਡਿਆਂ ਨੇ ਆਪਣਾ ਨਾਮ ਦਰਜ ਕਰਵਾ ਕੇ ਜ਼ਿਲ੍ਹਾ ਸੰਗਰੂਰ ਦਾ ਮਾਣ ਰੱਖਿਆ ਹੈ। ਸਭ ਤੋਂ ਖਾਸ ਗੱਲ ਕਿ ਮੈਰਿਟ ਸੂਚੀ ’ਚ ਆਏ ਜ਼ਿਲ੍ਹੇ ਦੇ ਲਗਪਗ ਸਾਰੇ ਵਿਦਿਆਰਥੀ ਸਰਕਾਰੀ ਸਕੂਲਾਂ ਨਾਲ ਸਬੰਧਤ ਹਨ। ਮੈਰਿਟ ਸੂਚੀ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਲਹਿਲ ਕਲਾਂ ਦੀ ਵਿਦਿਆਰਥਣ ਗੁਰਮੀਤ ਕੌਰ ਨੇ 492/500 ਅੰਕ ਪ੍ਰਾਪਤ ਕਰਕੇ ਪੰਜਾਬ ’’ਚੋਂ 9ਵਾਂ ਅਤੇ ਜ਼ਿਲ੍ਹੇ ਵਿ’ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ ਦੇ ਸੁਰਿੰਦਰ ਸਿੰਘ ਨੇ ਵੀ 492 ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ 9ਵਾਂ ਤੇ ਜ਼ਿਲ੍ਹੇ ’ਚੋਂ ਦੂਜਾ ਅਤੇ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਦੇ ਜਸਪ੍ਰੀਤ ਸਿੰਘ ਨੇ 490 ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ 11ਵਾਂ ਤੇ ਜ਼ਿਲ੍ਹੇ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਰਕਾਰੀ ਸੈਕੰਡਰੀ ਸਕੂਲ ਲਹਿਲ ਕਲਾਂ ਦੀ ਅੰਜਲੀ ਕੌਰ ਅਤੇ ਅਮਨਦੀਪ ਕੌਰ ਨੇ ਬਰਾਬਰ 488 ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ 13ਵਾਂ ਸਥਾਨ, ਸ਼ਹੀਦ ਊਧਮ ਸਿੰਘ ਸਕੂਲ ਆਫ਼ ਐਮੀਨੈਂਸ ਸੁਨਾਮ ਊਧਮ ਸਿੰਘ ਵਾਲਾ ਦੀ ਰਾਧਿਕਾ ਨੇ 487 ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ 14ਵਾਂ, ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਘਾਬਦਾਂ ਦੀ ਅਮਨਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਧਰਾਨਾ ਸ਼ਾਦੀਹਰੀ ਦੀ ਗਗਨਦੀਪ ਕੌਰ, ਸਕੂਲ ਆਫ਼ ਐਮੀਨੈਂਸ ਛਾਜਲੀ ਦੀ ਪੂਜਾ ਜਿੰਦਲ ਅਤੇ ਸ਼ਹੀਦ ਊਧਮ ਸਿੰਘ ਸਕੂਲ ਆਫ਼ ਐਮੀਨੈਂਸ ਸੁਨਾਮ ਊਧਮ ਸਿੰਘ ਵਾਲਾ ਦੀ ਖੁਸ਼ਪ੍ਰੀਤ ਕੌਰ (ਬਰਾਬਰ 485 ਅੰਕ) ਨੇ ਪੰਜਾਬ ’ਚੋਂ 16ਵਾਂ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਧੂਰੀ ਦੀ ਪ੍ਰਦੀਪ ਕੌਰ ਨੇ 484 ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ 17ਵਾਂ ਸਥਾਨ ਪ੍ਰਾਪਤ ਕੀਤਾ ਹੈ।

