ਚਾਹ ਦੀ ਦੁਕਾਨ ’ਤੇ ਨੌਜਵਾਨ ਦੇ ਗੋਲੀਆਂ ਮਾਰੀਆਂ
ਸ਼ਗਨ ਕਟਾਰੀਆ
ਬਠਿੰਡਾ, 16 ਜੂਨ
ਇੱਥੇ ਗੋਨਿਆਣਾ ਰੋਡ ਸਥਿਤ ਥਰਮਲ ਕਲੋਨੀ ਦੇ ਗੇਟ ਨੰਬਰ-2 ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਦੁਕਾਨ ’ਤੇ ਚਾਹ ਪੀ ਰਹੇ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ। ਇਸ ਦੌਰਾਨ ਅੱਧੀ ਦਰਜਨ ਫਾਇਰ ਕੀਤੇ ਗਏ ਤੇ ਨੌਜਵਾਨ ਦੀ ਲੱਤ ਤੇ ਹੱਥ ’ਚ ਦੋ ਲੱਗੀਆਂ ਹਨ। ਪੀੜਤ ਦੀ ਪਛਾਣ ਲਲਿਤ ਛਾਬੜਾ (35) ਵਾਸੀ ਸੰਤਪੁਰਾ ਰੋਡ ਬਠਿੰਡਾ ਵਜੋਂ ਹੋਈ ਹੈ, ਜਿਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਦੂਜੇ ਪਾਸੇ ਹਮਲਾਵਰ ਗੋਲੀਆਂ ਚਲਾਉਣ ਮਗਰੋਂ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਜ਼ਖ਼ਮੀ ਨੌਜਵਾਨ ਰੋਜ਼ਾਨਾ ਸਵੇਰ ਦੀ ਸੈਰ ਕਰਕੇ ਉਸੇ ਚਾਹ ਵਾਲੀ ਦੁਕਾਨ ’ਤੇ ਆ ਕੇ ਚਾਹ ਪੀਂਦਾ ਸੀ। ਅੱਜ ਜਦੋਂ ਉਹ ਚਾਹ ਪੀ ਰਿਹਾ ਸੀ ਤਾਂ ਹਮਲਾਵਰ ਵੀ ਉਥੇ ਬੈਠੇ ਚਾਹ ਪੀ ਰਹੇ ਸਨ। ਪੀੜਤ ਆਪਣੇ ਕੱਪ ’ਚੋਂ ਚਾਹ ਖ਼ਤਮ ਕਰਕੇ ਜਦੋਂ ਘਰ ਜਾਣ ਲਈ ਖੜ੍ਹਾ ਹੋਇਆ ਤਾਂ ਮੌਕੇ ਦੀ ਭਾਲ ’ਚ ਬੈਠੇ ਹਮਲਾਵਰਾਂ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ। ਵਾਰਦਾਤ ਤੋਂ ਕੁੱਝ ਸਮੇਂ ਬਾਅਦ ਐੱਸਪੀ (ਸਿਟੀ) ਨਰਿੰਦਰ ਸਿੰਘ ਸਮੇਤ ਭਾਰੀ ਪੁਲੀਸ ਨਫ਼ਰੀ ਨੇ ਘਟਨਾ ਸਥਾਨ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਤੁਰੰਤ ਹੀ ਜ਼ਿਲ੍ਹੇ ਵਿੱਚ ਨਾਕਾਬੰਦੀ ਵੀ ਕਰ ਦਿੱਤੀ ਗਈ।
ਐੱਸਪੀ ਨੇ ਦੱਸਿਆ ਕਿ ਨੇੜੇ ਦੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਪੜਤਾਲ ਕਰਕੇ ਹਮਲਾਵਰਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ ਤੇ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ।
ਇਸ ਦੇ ਨਾਲ ਹੀ ਪੀੜਤ ਦੇ ਬਿਆਨਾਂ ’ਤੇ ਥਾਣਾ ਥਰਮਲ ਵਿੱਚ ਅਣਪਛਾਤੇ ਹਮਲਾਵਰਾਂ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ।