ਇੱਥੋਂ ਨੇੜਲੇ ਪਿੰਡ ਕੋਹਾਰਵਾਲਾ ਦੇ 19 ਸਾਲਾ ਨੌਜਵਾਨ ਦਾ ਪਿੰਡ ਦੇ ਹੀ ਚਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੌਕੇ ਤੋਂ ਫ਼ਰਾਰ ਹੋ ਗਏ। ਕਤਲ ਦਾ ਕਾਰਨ ਰੰਜਿਸ਼ ਦੱਸਿਆ ਜਾ ਰਿਹਾ ਹੈ। ਥਾਣਾ ਸਿਟੀ ਕੋਟਕਪੂਰਾ ਦੀ ਪੁਲੀਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਬੌਬੀ ਸਿੰਘ (19) ਵਾਸੀ ਪਿੰਡ ਕੋਹਾਰਵਾਲਾ ਵਜੋਂ ਹੋਈ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਬੌਬੀ ਦੀ ਦਾਦੀ ਸੁਰਜੀਤ ਕੌਰ ਨੇ ਦੱਸਿਆ ਕਿ ਉਹ ਦੂਜੇ ਪੋਤਰੇ ਨਾਲ ਮੋਟਰਸਾਈਕਲ ’ਤੇ ਕੋਟਕਪੂਰਾ ਤੋਂ ਆਪਣੇ ਪਿੰਡ ਕੋਹਾਰਵਾਲਾ ਵਾਪਸ ਜਾ ਰਹੀ ਸੀ। ਉਹ ਜਦੋਂ ਕੋਠੇ ਬਾਜ਼ੀਗਰ ਨੇੜੇ ਪਹੁੰਚੇ ਤਾਂ ਉਸ ਨੇ ਦੇਖਿਆ ਕਿ ਉਸ ਦੇ ਪੋਤਰੇ ਬੌਬੀ ਸਿੰਘ ਨੂੰ ਪਿੰਡ ਦੇ ਹੀ ਚਾਰ ਨੌਜਵਾਨ ਘੇਰ ਕੇ ਕੁੱਟਮਾਰ ਕਰ ਰਹੇ ਸਨ। ਉਸ ਦੇ ਦੇਖਦਿਆਂ-ਦੇਖਦਿਆਂ ਹੀ ਉਨ੍ਹਾਂ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੌਬੀ ਦਾ ਕਤਲ ਕਰ ਦਿੱਤਾ।
ਥਾਣਾ ਸਿਟੀ ਕੋਟਕਪੂਰਾ ਦੇ ਐੱਸ ਐੱਚ ਓ ਇੰਸਪੈਕਟਰ ਚਮਕੌਰ ਸਿੰਘ ਨੇ ਦੱਸਿਆ ਕਿ ਸੁਰਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪਿੰਡ ਕੋਹਾਰਵਾਲਾ ਦੇ ਹੀ ਹਰਜੀਤ ਸਿੰਘ, ਕੀਪਾ ਸਿੰਘ, ਮੱਖਣ ਸਿੰਘ ਅਤੇ ਕਾਕਾ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਸਸਕਾਰ ਲਈ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਐੱਸ ਐੱਚ ਓ ਨੇ ਦੱਸਿਆ ਕਿ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

