ਦੁਬਈ ਤੋਂ ਨੌਜਵਾਨ ਲਾਪਤਾ
ਚਾਰ ਸਤੰਬਰ ਨੂੰ ਘਰ ਵਾਪਸੀ ਦੀ ਬੁੱਕ ਕਰਵਾੲੀ ਸੀ ਟਿਕਟ; ਤਿੰਨ ਸਤੰਬਰ ਤੋਂ ਬਾਅਦ ਨੌਜਵਾਨ ਨਾਲ ਸੰਪਰਕ ਟੁੱਟਿਆ
ਗਿੱਦੜਬਾਹਾ ਨੇੜਲੇ ਪਿੰਡ ਹੁਸਨਰ ਦਾ ਗੁਰਜਿੰਦਰ ਸਿੰਘ ਦੁਬਈ ਤੋਂ ਘਰ ਆਉਣ ਲਈ ਚਾਰ ਦਿਨ ਪਹਿਲਾਂ ਚੱਲਿਆ ਸੀ, ਪਰ ਹਾਲੇ ਤੱਕ ਘਰ ਨਹੀਂ ਪੁੱਜਿਆ। ਉਸ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੀ ਦੁਬਈ ਤੋਂ 4 ਸਤੰਬਰ ਨੂੰ ਸ਼ਾਮ 6.30 ਵਜੇ ਦੀ ਉਡਾਣ ਸੀ ਅਤੇ ਰਾਤ ਕਰੀਬ 11.30 ਤੋਂ 12 ਵਜੇ ਦਰਮਿਆਨ ਨਵੀਂ ਦਿੱਲੀ ਹਵਾਈ ਅੱਡੇ ’ਤੇ ਉਤਰਨਾ ਸੀ। ਇਸ ਤੋਂ ਬਾਅਦ ਉਸ ਨੇ ਦਿੱਲੀ ਤੋਂ ਬਠਿੰਡਾ ਜਾਣ ਵਾਲੀ ਕਿਸਾਨ ਐਕਸਪ੍ਰੈੱਸ ਰੇਲ ਗੱਡੀ ਵਿੱਚ ਗਿੱਦੜਬਾਹਾ ਤੱਕ ਦੀ ਟਿਕਟ ਵੀ ਬੁੱਕ ਕਰਵਾਈ ਹੋਈ ਸੀ। ਇਸ ਸਬੰਧੀ ਗੁਰਜਿੰਦਰ ਨੇ 3 ਸਤੰਬਰ ਨੂੰ ਆਪਣੇ ਮਾਪਿਆਂ ਨਾਲ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਉਸ ਦਾ ਕੋਈ ਫੋਨ ਨਹੀਂ ਆਇਆ। ਪਰਿਵਾਰ ਮੁਤਾਬਕ ਉਸ ਦਾ ਫੋਨ, ਇੰਟਰਨੈੱਟ, ਵ੍ਹਟਸਐਪ ਅਤੇ ਇੰਸਟਾਗ੍ਰਾਮ ਆਦਿ ਵੀ ਬੰਦ ਆ ਰਹੇ ਹਨ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਗੁਰਜਿੰਦਰ ਦੁਬਈ ਤੋਂ ਹੀ ਨਹੀਂ ਚੱਲਿਆ ਜਾਂ ਦਿੱਲੀ ਪੁੱਜਣ ਤੋਂ ਬਾਅਦ ਲਾਪਤਾ ਹੋਇਆ। ਗੁਰਜਿੰਦਰ ਦੇ ਦੋਸਤ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਰੀਬ ਅੱਠ ਮਹੀਨਿਆਂ ਤੋਂ ਉੱਥੇ ਕੰਮ ਕਰ ਰਿਹਾ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਜਿਸ ਕੰਪਨੀ ਵਿੱਚ ਉਹ ਕੰਮ ਕਰਦਾ ਸੀ, ਉਸ ਵੱਲੋਂ ਉਸ ਨੂੰ ਜਬਰੀ ਰੋਕਿਆ ਗਿਆ ਹੋ ਸਕਦਾ ਹੈ। ਪਰਿਵਾਰ ਨੇ ਗਿੱਦੜਬਾਹਾ ਪੁਲੀਸ ਨੂੰ ਸੂਚਿਤ ਕਰਦਿਆਂ ਗੁਰਜਿੰਦਰ ਦੀ ਭਾਲ ਦੀ ਮੰਗ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਉਸ ਦੀ ਹਵਾਈ ਟਿਕਟ ਅਤੇ ਫੋਨ ਨੰਬਰਾਂ ਰਾਹੀਂ ਭਾਲ ਕੀਤੀ ਜਾ ਰਹੀ ਹੈ।

