ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਪਿੰਡ ਲੇਲੇਵਾਲਾ ’ਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਿੰਮਤ ਸਿੰਘ (21) ਵਜੋਂ ਹੋਈ ਹੈ। ਤਲਵੰਡੀ ਸਾਬੋ ਪੁਲੀਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨ ’ਤੇ ਪਿੰਡ ਦੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।...
ਪਿੰਡ ਲੇਲੇਵਾਲਾ ’ਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਿੰਮਤ ਸਿੰਘ (21) ਵਜੋਂ ਹੋਈ ਹੈ। ਤਲਵੰਡੀ ਸਾਬੋ ਪੁਲੀਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨ ’ਤੇ ਪਿੰਡ ਦੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨੌਜਵਾਨ ਦੀ ਮਾਂ ਰਾਣੋ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਕੱਲ੍ਹ ਸ਼ਾਮ ਪਿੰਡ ਦੇ ਤਿੰਨ ਨੌਜਵਾਨ ਕਾਕੜ ਸਿੰਘ ਉਰਫ਼ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗਿਆਨੀ ਅਤੇ ਰਾਜਾ ਸਿੰਘ, ਉਸ ਦੇ ਪੁੱਤਰ ਨੂੰ ਇਹ ਕਹਿ ਕੇ ਘਰੋਂ ਲੈ ਗਏ ਕਿ ਕਿਸੇ ਨਾਲ ਝਗੜਾ ਨਿਬੇੜ ਕੇ ਆਉਣਾ ਹੈ। ਕੁਝ ਸਮੇਂ ਬਾਅਦ ਉਹ ਤਿੰਨੋਂ ਕਥਿਤ ਨਸ਼ੇ ਦੀ ਹਾਲਤ ਵਿੱਚ ਉਨ੍ਹਾਂ ਦੇ ਘਰ ਆ ਕੇ ਕਹਿਣ ਲੱਗੇ ਕਿ ਹਿੰਮਤ ਦੀ ਹਾਲਤ ਠੀਕ ਨਹੀਂ। ਰਾਣੋ ਕੌਰ ਨੇ ਕਿਹਾ ਕਿ ਜਦੋਂ ਉਹ ਉਨ੍ਹਾਂ ਨਾਲ ਮੌਕੇ ’ਤੇ ਗਈ ਤਾਂ ਹਿੰਮਤ ਸਿੰਘ ਦੀ ਬਾਂਹ ’ਚ ਟੀਕਾ ਲੱਗਿਆ ਹੋਇਆ ਸੀ ਅਤੇ ਉਸ ਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ। ਉਸ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਂ ਨੇ ਦੋਸ਼ ਲਾਇਆ ਕਿ ਤਿੰਨਾਂ ਨੇ ਉਸ ਦੇ ਪੁੱਤਰ ਦੇ ਨਸ਼ੇ ਦਾ ਟੀਕਾ ਲਗਾ ਕੇ ਉਸ ਦੀ ਹੱਤਿਆ ਕੀਤੀ ਹੈ। ਹਿੰਮਤ ਸਿੰਘ ਦੇ ਪਰਿਵਾਰ ਵਿੱਚ ਉਸ ਦੇ ਮਾਪਿਆਂ ਤੋਂ ਇਲਾਵਾ ਪਤਨੀ ਤੇ ਨੌਂ ਮਹੀਨੇ ਦਾ ਬੱਚਾ ਤੇ ਭੈਣ ਹੈ। ਡੀ ਐੱਸ ਪੀ ਤਲਵੰਡੀ ਸਾਬੋ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਜਾ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ।

