ਮਜ਼ਦੂਰੀ ਮੰਗਣ ’ਤੇ ਕੁੱਟਮਾਰ ਕਾਰਨ ਨੌਜਵਾਨ ਦੀ ਮੌਤ
ਪਰਿਵਾਰ ਨੇ ਇਨਸਾਫ਼ ਲੲੀ ਸਮਾਣਾ-ਭਵਾਨੀਗੜ੍ਹ ਸਡ਼ਕ ’ਤੇ ਆਵਾਜਾੲੀ ਰੋਕੀ
ਅਸ਼ਵਨੀ ਗਰਗ
ਪਿੰਡ ਫ਼ਹਤਿਗੜ੍ਹ ਛੰਨਾ ਦੇ 27 ਸਾਲਾ ਨੌਜਵਾਨ ਦੀ ਮਜ਼ਦੂਰੀ ਦੇ ਪੈਸੇ ਮੰਗਣ ’ਤੇ ਕੁਝ ਵਿਅਕਤੀਆਂ ਵੱਲੋਂ ਕੀਤੀ ਕੁੱਟਮਾਰ ਕਾਰਨ ਬੀਤੀ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਅੱਜ ਇਨਸਾਫ਼ ਲਈ ਸਮਾਣਾ-ਭਵਾਨੀਗੜ੍ਹ ਮਾਰਗ ’ਤੇ ਆਵਾਜਾਈ ਰੋਕੀ। ਉਨ੍ਹਾਂ ਪੁਲੀਸ ’ਤੇ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼ ਲਾਏ ਤੇ ਪੁਲੀਸ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮ੍ਰਿਤਕ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਪਹਿਲੀ ਨਵੰਬਰ ਨੂੰ ਪਿੰਡ ਵਾਸੀ ਅਮਨਦੀਪ ਸਿੰਘ ਉਸ ਨੂੰ ਮਜ਼ਦੂਰੀ ’ਤੇ ਲੈ ਗਿਆ ਸੀ। ਸ਼ਾਮ ਨੂੰ ਕੰਮ ਕਰਵਾਉਣ ਤੋਂ ਬਾਅਦ ਉਸ ਨੇ ਦਿਹਾੜੀ ਦੇ ਅੱਧੇ ਪੈਸੇ ਦੇ ਦਿੱਤੇ, ਜਦਕਿ ਬਾਕੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਦੋਵਾਂ ਵਿਚਕਾਰ ਝਗੜਾ ਹੋ ਗਿਆ। ਉਸੇ ਰਾਤ ਅਮਨਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅੰਮ੍ਰਿਤਪਾਲ ਨੂੰ ਘਰੋਂ ਬਾਹਰ ਬੁਲਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕਰਕੇ ਗੰਦੇ ਨਾਲੇ ਵਿੱਚ ਸੁੱਟ ਦਿੱਤਾ। ਪਰਿਵਾਰ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ। ਕਰੀਬ 1 ਮਹੀਨੇ ਤੱਕ ਉਸ ਦਾ ਇਲਾਜ ਚੱਲਿਆ ਪਰ ਬੀਤੀ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੀ ਸ਼ਿਕਾਇਤ ਉਨ੍ਹਾਂ ਪੁਲੀਸ ਨੂੰ ਦਿੱਤੀ ਸੀ ਪਰ ਪੁਲੀਸ ਨੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਬਾਕੀ ਸਾਥੀਆਂ ਨੂੰ ਤੁਰੰਤ ਛੱਡ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਅੰਮ੍ਰਿਤਪਾਲ ਸਿੰਘ ਦੀ ਕੁੱਟਮਾਰ ਕਰਨ ਵਾਲੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਮਾਮਲੇ ਦੀ ਪੜਤਾਲ ਜਾਰੀ: ਥਾਣਾ ਮੁਖੀ
ਥਾਣਾ ਸਦਰ ਸਮਾਣਾ ਦੇ ਮੁਖੀ ਇੰਸਪੈਕਟਰ ਅਜੈ ਕੁਮਾਰ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਨੇ ਅਮਨਦੀਪ ਸਿੰਘ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ ਅਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਜੇ ਕੋਈ ਹੋਰ ਵੀ ਮੁਲਜ਼ਮ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

