ਮੁੱਖ ਮੰਤਰੀ ਦੇ ਓਐੱਸਡੀ ਤੋਂ ਖਫ਼ਾ ਹੋਏ ਯੂਥ ਕਾਂਗਰਸ ਦੇ ਪ੍ਰਧਾਨ

ਮੁੱਖ ਮੰਤਰੀ ਦੇ ਓਐੱਸਡੀ ਤੋਂ ਖਫ਼ਾ ਹੋਏ ਯੂਥ ਕਾਂਗਰਸ ਦੇ ਪ੍ਰਧਾਨ

ਚਰਨਜੀਤ ਭੁੱਲਰ
ਚੰਡੀਗੜ੍ਹ, 6 ਅਗਸਤ

ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਮੁੱਖ ਮੰਤਰੀ ਦਫ਼ਤਰ ਨਾਲ ਤਲਖਕਲਾਮੀ ਹੋ ਗਈ ਹੈ। ਮਾਮਲਾ ਉਦੋਂ ਵਿਗੜ ਗਿਆ ਜਦੋਂ ਮੁੱਖ ਮੰਤਰੀ ਦੇ ਓਐੱਸਡੀ ਐੱਮਪੀ ਸਿੰਘ ਨੇ ਯੂਥ ਪ੍ਰਧਾਨ ਢਿੱਲੋਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਹਾਲੇ ਇਸੇ ਹਫ਼ਤੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੂੰ ਪੰਜਾਬ ਦੇ ਨੌਜਵਾਨਾਂ 'ਚ ਗੁਆਚੀ ਸਾਖ ਦੀ ਬਹਾਲੀ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨ ਲਈ ਆਖਿਆ ਸੀ। ਯੂਥ ਕਾਂਗਰਸ ਦੇ ਮਾਮਲਿਆਂ ਲਈ ਵਿਸ਼ੇਸ਼ ਅਧਿਕਾਰੀ ਦੀ ਡਿਊਟੀ ਲਾਏ ਜਾਣ ਦੀ ਗੱਲ ਆਖੀ ਗਈ ਸੀ, ਜਿਸ ਦਾ ਵਿਰੋਧੀ ਧਿਰਾਂ ਨੇ ਵੀ ਨੋਟਿਸ ਲਿਆ ਸੀ।

 ਸੂਤਰਾਂ ਅਨੁਸਾਰ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਲੰਘੇ ਕੱਲ੍ਹ ਸ਼ਾਮ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਨਾਲ ਯੂਥ ਕਾਂਗਰਸ ਦੇ ਕੁਝ ਮਸਲੇ ਵਿਚਾਰਨਾ ਚਾਹੁੰਦੇ ਸਨ। ਉਨ੍ਹਾਂ ਨੂੰ ਆਪਣੇ ਹਲਕੇ ਦੇ ਵੀ ਕੁਝ ਕੰਮ ਕਾਰ ਸਨ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਦਫ਼ਤਰ ’ਚੋਂ ਹੇਠਲੇ ਅਧਿਕਾਰੀਆਂ ਨੂੰ ਫ਼ੋਨ ਕਰਾਉਣ ਦੇ ਮਕਸਦ ਨਾਲ ਬਰਿੰਦਰ ਢਿੱਲੋਂ ਨੇ ਮੁੱਖ ਮੰਤਰੀ ਪੰਜਾਬ ਦੇ ਓਐੱਸਡੀ ਨਾਲ ਰਾਬਤਾ ਕਾਇਮ ਕਰਨਾ ਚਾਹਿਆ। ਜਦੋਂ ਓਐੱਸਡੀ ਐੱਮਪੀ ਸਿੰਘ ਨੇ ਫ਼ੋਨ ਨਾ ਚੁੱਕਿਆ ਤਾਂ ਪ੍ਰਧਾਨ ਢਿੱਲੋਂ ਤੈਸ਼ ਵਿੱਚ ਆ ਗਏ।

 ਯੂਥ ਕਾਂਗਰਸ ਦੇ ਪ੍ਰਧਾਨ ਢਿੱਲੋਂ ਨੇ ਮੁੱਖ ਮੰਤਰੀ ਦੀ ਸੈਕਟਰ ਦੋ ਵਿਚਲੀ ਰਿਹਾਇਸ਼ ਵੱਲ ਰੁਖ ਕਰ ਲਿਆ। ਰਸਤੇ ਵਿੱਚ ਜਦੋਂ ਓਐੱਸਡੀ ਦੀ ਵਾਪਸ ਕਾਲ ਆ ਗਈ ਤਾਂ ਉਦੋਂ ਦੋਵਾਂ ਵਿੱਚ ਤਲਖਕਲਾਮੀ ਹੋ ਗਈ। ਬਹਿਸਬਾਜ਼ੀ ਹੋਣ ਕਰਕੇ ਮਾਮਲਾ ਵਧ ਗਿਆ। ਸੂਤਰ ਦੱਸਦੇ ਹਨ ਕਿ ਇਸੇ ਰੋਸ ਵਿੱਚ ਬਰਿੰਦਰ ਢਿੱਲੋਂ ਮੁੱਖ ਮੰਤਰੀ ਦੀ ਸੈਕਟਰ-2 ਵਿਚਲੀ ਸਰਕਾਰੀ ਰਿਹਾਇਸ਼ ਦੇ ਬਾਹਰ ਬੈਠ ਗਏ ਜੋ ਕਿਸੇ ਧਰਨੇ ਦਾ ਰੂਪ ਨਹੀਂ ਸੀ। ਦੱਸਦੇ ਹਨ ਕਿ ਗੱਲ ਬਾਹਰ ਨਿਕਲਣ ਦੇ ਡਰੋਂ ਫ਼ੌਰੀ ਇੱਕ ਵਿਧਾਇਕ ਅਤੇ ਮੁੱਖ ਮੰਤਰੀ ਦੇ ਇੱਕ ਸਲਾਹਕਾਰ ਨੇ ਬਰਿੰਦਰ ਢਿੱਲੋਂ ਨੂੰ ਰਜ਼ਾਮੰਦ ਕਰ ਲਿਆ।

ਮਾਮਲੇ ’ਤੇ ਪੱਖ ਜਾਣਨ ਲਈ ਐੱਮਪੀ ਸਿੰਘ ਨੂੰ ਫ਼ੋਨ ਕੀਤਾ ਪ੍ਰੰਤੂ ਉਨ੍ਹਾਂ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ। ਦੂਸਰੀ ਤਰਫ਼ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਲੰਘੀ ਰਾਤ ਦੀ ਸ਼ਾਮ ਮੁੱਖ ਮੰਤਰੀ ਦੇ ਓਐੱਸਡੀ ਐੱਮਪੀ ਸਿੰਘ ਨਾਲ ਥੋੜ੍ਹੀ ਇਸੇ ਤਰ੍ਹਾਂ ਦੀ ਗੱਲ ਹੋਈ ਸੀ ਪ੍ਰੰਤੂ ਕੋਈ ਵੱਡਾ ਮਾਮਲਾ ਨਹੀਂ ਸੀ। ਉਨ੍ਹਾਂ ਆਖਿਆ ਕਿ ਰਾਤ ਵਕਤ ਹੀ ਸਾਰਾ ਮਸਲਾ ਸੁਲਝ ਗਿਆ ਸੀ। ਸੂਤਰ ਦੱਸਦੇ ਹਨ ਕਿ ਇਹ ਵਿਵਾਦ ਕਾਫ਼ੀ ਸਮਾਂ ਚੱਲਿਆ। ਮੁੱਖ ਮੰਤਰੀ ਦੇ ਇੱਕ ਸਲਾਹਕਾਰ ਨੇ ਭਰੋਸਾ ਦਿੱਤਾ ਕਿ    ਭਵਿੱਖ ਵਿਚ ਏਦਾਂ ਦੀ ਕੋਈ ਸ਼ਿਕਾਇਤ ਨਹੀਂ ਆਵੇਗੀ।

ਅਕਾਲੀ-ਭਾਜਪਾ ਆਗੂ ਸ਼ਰਾਬ ਮਾਫ਼ੀਆ ’ਚ ਸ਼ਾਮਲ: ਢਿੱਲੋਂ

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਆਖਿਆ ਕਿ ਅਕਾਲੀ-ਭਾਜਪਾ ਆਗੂਆਂ ਦੀਆਂ ਸ਼ਰਾਬ ਤਸਕਰਾਂ ਨਾਲ ਤਸਵੀਰਾਂ ਨੇ ਕਾਂਗਰਸ ਦੇ ਇਸ ਪੱਖ ਨੂੰ ਸਹੀ ਠਹਿਰਾਇਆ ਹੈ ਕਿ ਇਹ ਗੈਰ ਕਾਨੂੰਨੀ ਕਾਰੋਬਾਰ ਉਨ੍ਹਾਂ ਦੀ ਖੁੱਲ੍ਹੀ ਸਰਪ੍ਰਸਤੀ ਹੇਠ ਵਧਿਆ ਹੈ। ਯੂਥ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਬਟਾਲਾ ਵਿਚ ਜ਼ਹਿਰੀਲੀ ਸ਼ਰਾਬ ਦੁਖਾਂਤ ਦੇ ਮੁੱਖ ਦੋਸ਼ੀ ਤ੍ਰਿਵੇਣੀ ਚੌਹਾਨ ਦੇ ਗੱਠਜੋੜ ਦੇ ਨੇਤਾਵਾਂ ਨਾਲ ਡੂੰਘੇ ਸਬੰਧ ਸਨ ਅਤੇ ਉਸ ਦਾ ਕਾਰੋਬਾਰ ਅਕਾਲੀ ਲੀਡਰਸਪਿ ਦੇ ਦਹਾਕੇ ਦੇ ਲੰਬੇ ਸਮੇਂ ਦੌਰਾਨ ਸਿਖ਼ਰਾਂ ’ਤੇ ਸੀ। ਢਿੱਲੋਂ ਨੇ ਅੱਜ ਇੱਕ ਸਾਬਕਾ ਅਕਾਲੀ ਮੰਤਰੀ, ਸਾਬਕਾ ਮੁੱਖ ਸੰਸਦੀ ਸਕੱਤਰ, ਅਕਾਲੀ ਵਿਧਾਇਕ ਅਤੇ ਮਹਿਲਾ ਅਕਾਲੀ ਆਗੂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਇਸ ਵਿੱਚ ਸ਼ਾਮਲ ਤਸਕਰਾਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰਨ ਦੇ ਆਦੇਸ਼ ਦੇ ਚੁੱਕੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All